16 ਵਿਘੇ ਕਣਕ ਦਾ ਨਾੜ ਸੜ ਕੇ ਸੁਆਹ
ਬਿਜਲੀ ਦੀਆਂ ਤਾਰਾਂ ਦੇ ਸਪਾਰਕਿੰਗ ਹੋਣ ਕਾਰਨ 16 ਵਿਘੇ ਕਣਕ ਦਾ ਨਾੜ ਸੜ ਕੇ ਸੁਆਹ
Publish Date: Wed, 22 Apr 2026 06:33 PM (IST)
Updated Date: Wed, 22 Apr 2026 06:37 PM (IST)

ਅਸ਼ਵਿੰਦਰ ਸਿੰਘ, ਪੰਜਾਬੀ ਜਾਗਰਣ, ਬਨੂੜ : ਪਿੰਡ ਖੇੜੀ ਗੁਰਨਾ ਵਿਖੇ ਬਿਜਲੀ ਦੀਆਂ ਤਾਰਾਂ ਦੇ ਸਪਾਰਕਿੰਗ ਕਾਰਨ 16 ਵਿਘੇ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਪੀੜਤ ਕਿਸਾਨ ਜਸਵੀਰ ਸਿੰਘ ਢਿੱਲੋਂ ਵਾਸੀ ਪਿੰਡ ਖੇੜੀ ਗੁਰਨਾ ਨੇ ਦੱਸਿਆ ਕਿ ਅੱਜ ਦੁਪਹਿਰ ਵੇਲੇ ਅਚਾਨਕ ਮੋਹੀ ਕਲਾ ਗਰਿਡ ਤੋਂ ਪਿੰਡ ਦੇ ਨੇੜੇ ਬਣੇ ਆਟਾ ਮਿਲ ਨੂੰ ਜਾ ਰਹੀ ਬਿਜਲੀ ਦੀਆਂ ਤਾਰਾਂ ਤੇ ਸਪਾਰਕਿੰਗ ਹੋਈ ਜਿਸ ਨਾਲ ਉਸ ਵੱਲੋਂ ਪਸ਼ੂਆਂ ਦੇ ਚਾਰੇ ਲਈ ਰੱਖੇ ਗਏ ਕਣਕ ਦੇ ਨਾੜ ਨੂੰ ਅੱਗ ਲੱਗ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਬਾਰੇ ਜਦੋਂ ਪਤਾ ਲੱਗਾ ਤਾਂ ਉਹ ਮੌਕੇ ਤੇ ਪੁੱਜੇ ਅਤੇ ਉਥੋਂ ਗੁਜਰ ਰਹੇ ਗੁਰਮੀਤ ਸਿੰਘ, ਹੈਪੀ ਗੁਰਨਾ ਖੇੜੀ, ਜਸਵਿੰਦਰ ਸਿੰਘ, ਬੱਬੂ ਸਿੰਘ, ਸੁਖਜੋਤ ਸਿੰਘ ਪੰਨੂ ਖਲੌਰ ਅਤੇ ਹੋਰ ਪਿੰਡ ਵਾਸੀਆਂ ਨੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਪੀੜਤ ਕਿਸਾਨ ਨੇ ਦੱਸਿਆ ਕਿ ਇਸ ਦੌਰਾਨ ਫਾਇਰ ਬ੍ਰਿਗੇਡ ਅਤੇ ਤੇਪਲਾ ਪੁਲਿਸ ਚੌਂਕੀ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਗ ਅੱਗੇ ਨਾ ਫੈਲੇ ਇਸ ਲਈ ਟਰੈਕਟਰ ਨਾਲ ਖੇਤ ਦੀ ਵਹਾਈ ਕਾਰਨੀ ਸ਼ੁਰੂ ਕਰ ਦਿੱਤੀ। ਮੌਕੇ ਤੇ ਵੱਡੀ ਗਿਣਤੀ ’ਚ ਪਿੰਡ ਵਾਸੀ, ਤੇਪਲਾ ਚੌਕੀ ਇੰਚਾਰਜ ਜਜਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਅਤੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚ ਗਈ। ਫਾਇਰ ਬਿਰਗੇਡ ਦੇ ਮੁਲਾਜ਼ਮਾਂ ਨੇ ਲੰਬੀ ਜੱਦੋ ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਉਸ ਸਮੇਂ ਤੱਕ 16 ਵਿੱਘੇ ਦੇ ਕਰੀਬ ਕਣਕ ਦਾ ਨਾੜ ਸੜ ਕੇ ਸੁਆਹ ਹੋ ਚੁੱਕਾ ਸੀ। ਮੌਕੇ ’ਤੇ ਮੌਜੂਦ ਇਲਾਕੇ ਦੇ ਵਸਨੀਕਾਂ ਨੇ ਦੱਸਿਆ ਕਿ ਜੇਕਰ ਸਮਾਂ ਰਹਿੰਦੇ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਇਲਾਕੇ ਵਿਚ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ। ਪੀੜਤ ਕਿਸਾਨ ਜੱਸੀ ਢਿੱਲੋਂ ਨੇ ਦੱਸਿਆ ਕਿ ਪਿਛਲੇ ਸਾਲ ਵੀ ਬਿਜਲੀ ਦੀਆਂ ਤਾਰਾਂ ਸਪਾਰਕਿੰਗ ਹੁਣ ਕਾਰਨ ਇੱਥੇ ਅੱਗ ਲੱਗਣ ਕਾਰਨ ਕਣਕ ਅਤੇ ਨਾੜ ਦਾ ਕਾਫੀ ਨੁਕਸਾਨ ਹੋ ਗਿਆ ਸੀ।