ਪਲਾਸਟਿਕ ਡੋਰ ਨੇ 16 ਲੋਕ ਕੀਤੀ ਜ਼ਖ਼ਮੀ
ਕਿਸੇ ਦੇ ਸ਼ੌਕ ਨੇ ਕਈਆਂ ਨੂੰ ਪਹੁੰਚਾਇਆ ਹਸਪਤਾਲ
Publish Date: Fri, 23 Jan 2026 06:46 PM (IST)
Updated Date: Sat, 24 Jan 2026 04:13 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਬਸੰਤ ਪੰਚਮੀ ਦਾ ਤਿਉਹਾਰ ਜਿੱਥੇ ਇਕ ਪਾਸੇ ਰੰਗ–ਬਿਰੰਗੀਆਂ ਪਤੰਗਾਂ ਤੇ ਉਤਸ਼ਾਹ ਨਾਲ ਮਨਾਇਆ ਗਿਆ, ਉੱਥੇ ਹੀ ਪਤੰਗਬਾਜ਼ੀ ਦੇ ਸ਼ੌਕ ਨੇ ਕਈ ਲੋਕਾਂ ਨੂੰ ਹਸਪਤਾਲ ਪਹੁੰਚਾ ਦਿੱਤਾ। ਪਤੰਗਬਾਜ਼ੀ ਦੌਰਾਨ ਪਲਾਸਟਿਕ ਡੋਰ ਦੀ ਚਪੇਟ ਵਿਚ ਆ ਕੇ 16 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ’ਚ ਚਾਰ ਮਾਸੂਮ ਬੱਚੇ ਵੀ ਸ਼ਾਮਲ ਹਨ। ਇਨ੍ਹਾਂ ਹਾਦਸਿਆਂ ਨੇ ਪ੍ਰਸ਼ਾਸਨ ਦੀਆਂ ਤਿਆਰੀਆਂ ਤੇ ਪਾਬੰਦੀਆਂ ਦੇ ਦਾਵਿਆਂ ਦੀ ਹਕੀਕਤ ਸਾਹਮਣੇ ਲਿਆ ਦਿੱਤੀ। ਸਿਵਲ ਹਸਪਤਾਲ ਸੰਗਰੂਰ ਵਿਚ ਸ਼ੁੱਕਰਵਾਰ ਨੂੰ ਪਲਾਸਟਿਕ ਡੋਰ ਨਾਲ ਜ਼ਖ਼ਮੀ ਹੋਏ 8 ਲੋਕ ਇਲਾਜ ਲਈ ਪਹੁੰਚੇ। ਇਨ੍ਹਾਂ ਵਿਚ ਸ਼ਹਿਨਾਜ਼ (20), ਗਜਿੰਦਰ ਸਿੰਘ (35), ਸੋਮਨਪ੍ਰੀਤ ਸਿੰਘ (14), ਕੰਚਨਪ੍ਰੀਤ (13), ਸੁਖਮਨ ਸਿੰਘ (20), ਅਫਾਨ (7), ਪਰਮਜੀਤ ਕੌਰ (65) ਅਤੇ ਰਿੰਕੂ (5) ਸ਼ਾਮਲ ਹਨ। ਡਾਕਟਰਾਂ ਮੁਤਾਬਕ ਬੱਚਿਆਂ ਦੀਆਂ ਉਂਗਲੀਆਂ ’ਤੇ ਕੱਟ ਲੱਗੇ, ਜਦਕਿ ਹੋਰ ਲੋਕ ਸੜਕ ’ਤੇ ਵਾਹਨ ਚਲਾਉਂਦੇ ਸਮੇਂ ਡੋਰ ਦੀ ਚਪੇਟ ਵਿੱਚ ਆਏ। ਸਾਰਿਆਂ ਨੂੰ ਪ੍ਰਾਇਮਰੀ ਇਲਾਜ ਦੇਣ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਕਿਉਂਕਿ ਕਿਸੇ ਦੀ ਵੀ ਹਾਲਤ ਗੰਭੀਰ ਨਹੀਂ ਸੀ। ਇਸ ਤੋਂ ਇਲਾਵਾ ਸਿਵਲ ਹਸਪਤਾਲ ਧੂਰੀ ਵਿੱਚ ਵੀ ਪਲਾਸਟਿਕ ਡੋਰ ਨਾਲ ਜ਼ਖ਼ਮੀ ਹੋਏ ਅੱਠ ਲੋਕ ਇਲਾਜ ਲਈ ਪਹੁੰਚੇ। ਇਨ੍ਹਾਂ ਘਟਨਾਵਾਂ ਤੋਂ ਸਾਫ਼ ਹੁੰਦਾ ਹੈ ਕਿ ਪਾਬੰਦੀ ਦੇ ਬਾਵਜੂਦ ਪਲਾਸਟਿਕ ਡੋਰ ਦੀ ਵਰਤੋਂ ਖੁੱਲ੍ਹੇਆਮ ਕੀਤੀ ਗਈ। ਗੌਰਤਲਬ ਹੈ ਕਿ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿਛਲੇ ਕਈ ਦਿਨਾਂ ਤੋਂ ਪਾਬੰਦੀਸ਼ੁਦਾ ਪਲਾਸਟਿਕ ਡੋਰ ਦੀ ਵਿਕਰੀ, ਭੰਡਾਰਣ ਅਤੇ ਵਰਤੋਂ ’ਤੇ ਰੋਕ ਲਾਉਣ ਲਈ ਸਖ਼ਤ ਕਾਰਵਾਈ ਦੇ ਦਾਅਵੇ ਕੀਤੇ ਜਾ ਰਹੇ ਸਨ। ਡਿਪਟੀ ਕਮਿਸ਼ਨਰ ਵੱਲੋਂ ਸਪਸ਼ਟ ਹੁਕਮ ਜਾਰੀ ਕੀਤੇ ਗਏ ਸਨ ਅਤੇ ਪੁਲਿਸ ਨੇ ਵੀ ਚੈਕਿੰਗ ਅਭਿਆਨ ਚਲਾਉਣ ਦੀ ਗੱਲ ਕੀਤੀ ਸੀ, ਪਰ ਬਸੰਤ ਪੰਚਮੀ ਦੇ ਦਿਨ ਹਾਲਾਤ ਕੁਝ ਹੋਰ ਹੀ ਨਜ਼ਰ ਆਏ। ਪਤੰਗਬਾਜ਼ੀ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਪਲਾਸਟਿਕ ਡੋਰ ਦੀ ਵਰਤੋਂ ਕਰਦੇ ਪਾਏ ਗਏ, ਜਿਸ ਦਾ ਨਤੀਜਾ ਇਹ ਹਾਦਸੇ ਬਣੇ।