ਹਿੰਦੂ ਸੰਗਠਨਾਂ ਨੇ ਦਿੱਤੀਆਂ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਹਿੰਦੂ ਸੰਗਠਨਾਂ ਨੇ ਦਿੱਤੀਆਂ ਸ਼ਹੀਦਾਂ ਨੂੰ ਸ਼ਰਧਾਂਜ਼ਲੀਆਂ
Publish Date: Sun, 07 Jun 2026 04:38 PM (IST)
Updated Date: Sun, 07 Jun 2026 04:41 PM (IST)

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਪਟਿਆਲਾ : ਸਮੂਹ ਹਿੰਦੂ ਸੰਗਠਨਾਂ ਨੇ ਪਟਿਆਲਾ ਦੇ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਮੰਦਰ ਵਿਚ ਇਕ ਵਿਸ਼ਾਲ ਹਵਨ ਕਰਵਾਇਆ ਗਿਆ, ਜਿਸ ਵਿਚ ਪੰਜਾਬ ਪੁਲਿਸ, ਸੀਆਰਪੀਐਫ, ਬੀਐਸਐਫ ਅਤੇ ਭਾਰਤੀ ਫੌਜ ਦੇ ਬਹਾਦਰ ਸੈਨਿਕਾਂ ਅਤੇ ਅਧਿਕਾਰੀਆਂ ਸਮੇਤ ਪੰਜਾਬ ਦੇ 35,000 ਬਹਾਦਰ ਹਿੰਦੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ 6 ਜੂਨ, 1984 ਨੂੰ ਆਪ੍ਰੇਸ਼ਨ ਬਲੂ ਸਟਾਰ ਤੋਂ ਪਹਿਲਾਂ, ਦੌਰਾਨ ਅਤੇ ਬਾਅਦ ਵਿਚ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਦੇਸ਼ ਦੇ ਸੁਰੱਖਿਆ ਬਲਾਂ ਦੇ ਨਾਲ ਨਾਲ ਉਨ੍ਹਾਂ ਰਾਸ਼ਟਰਵਾਦੀ ਸਿੱਖ ਭਰਾਵਾਂ ਨੂੰ ਵੀ ਸ਼ਰਧਾਂਜਲੀ ਦਿੱਤੀ ਗਈ। ਇਹ ਸਮਾਗਮ ਸ਼ਿਵ ਸੈਨਾ ਹਿੰਦੁਸਤਾਨ, ਹਿੰਦੂ ਸੁਰੱਖਿਆ ਸੰਮਤੀ, ਸ਼੍ਰੀ ਹਿੰਦੂ ਤਖ਼ਤ, ਵਿਸ਼ਵ ਹਿੰਦੂ ਸੁਰੱਖਿਆ ਪ੍ਰੀਸ਼ਦ ਅਤੇ ਹੋਰ ਹਿੰਦੂ ਸੰਗਠਨਾਂ ਵਲੋਂ ਸਾਂਝੇ ਤੌਰ ਤੇ ਕਰਵਾਇਆ ਗਿਆ ਸੀ। ਪੰਡਿਤ ਬਦਰੀ ਪ੍ਰਸਾਦ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਇਸ ਹਵਨ ਯੱਗ ਨੂੰ ਸੰਪੂਰਨ ਕੀਤਾ। ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਦੀ ਪਹਿਲਕਦਮੀ ਤੇ ਪਟਿਆਲਾ ਦੇ ਸਾਰੇ ਹਿੰਦੂ ਸੰਗਠਨ ਇੱਕ ਪਲੇਟਫਾਰਮ ਤੇ ਇਕੱਠੇ ਹੋਏ ਅਤੇ ਸ਼ਹੀਦਾਂ ਨੂੰ ਸਮੂਹਿਕ ਤੌਰ ਤੇ ਸ਼ਰਧਾਂਜਲੀ ਭੇਟ ਕੀਤੀ। ਹਿੰਦੂ ਸੁਰੱਖਿਆ ਸੰਮਤੀ ਦੇ ਰਾਸ਼ਟਰੀ ਪ੍ਰਧਾਨ ਰਾਜੇਸ਼ ਕੇਹਰ ਨੇ ਆਪਣੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਇਹ ਸਾਡਾ ਰਾਸ਼ਟਰੀ ਫਰਜ਼ ਹੈ ਕਿ ਅਸੀਂ ਉਨ੍ਹਾਂ ਲੋਕਾਂ ਨੂੰ ਯਾਦ ਰੱਖੀਏ ਜਿਨ੍ਹਾਂ ਨੇ ਪੰਜਾਬ ਵਿਚ ਸ਼ਾਂਤੀ, ਸਦਭਾਵਨਾ ਤੇ ਭਾਈਚਾਰਾ ਸਥਾਪਤ ਕਰਨ ਲਈ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਕੁਰਬਾਨ ਕਰ ਦਿੱਤਾ। ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਨੇ ਕਿਹਾ ਕਿ ਪੰਜਾਬ ਇਕ ਪਵਿੱਤਰ ਧਰਤੀ ਹੈ ਅਤੇ ਇਸਨੇ ਹਮੇਸ਼ਾ ਅੱਤਵਾਦ ਵਿਰੁੱਧ ਲੜਨ ਵਾਲੇ ਬਹਾਦਰ ਯੋਧੇ ਪੈਦਾ ਕੀਤੇ ਹਨ। ਇਹ ਨਹੀਂ ਭੁੱਲਿਆ ਜਾ ਸਕਦਾ ਕਿ 35,000 ਹਿੰਦੂਆਂ ਅਤੇ ਰਾਸ਼ਟਰਵਾਦੀ ਸਿੱਖਾਂ ਨੇ ਇਸ ਪੰਜਾਬ ਦੀ ਸ਼ਾਂਤੀ ਅਤੇ ਭਾਈਚਾਰੇ ਲਈ ਅੱਤਵਾਦ ਵਿਰੁੱਧ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਕਿਸੇ ਖਾਸ ਜਾਤੀ ਜਾਂ ਧਰਮ ਦੇ ਵਿਰੁੱਧ ਨਹੀਂ ਹੈ, ਸਗੋਂ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਪ੍ਰੋਗਰਾਮ ਹੈ। ਇਸ ਮੌਕੇ ਪ੍ਰਦੀਪ ਵਰਮਾ, ਕ੍ਰਿਸ਼ਨਾ ਗਾਬਾ, ਅਮਰਜੀਤ ਬੰਟੀ, ਹਿਤੇਸ਼ ਰਿੰਕੂ, ਸ਼ਮਾਕਾਂਤ ਪਾਂਡੇ, ਨਵਦੀਪ ਮਿੱਤਲ, ਭੋਲਾ ਸ਼ਰਮਾ, ਨੰਦ ਲਾਲ, ਹਰਪ੍ਰੀਤ ਸ਼ਰਮਾ,ਰਾਜੇਸ਼ ਕੌਸ਼ਿਕ, ਰੋਹਿਤ ਅਟਵਾਲ, ਰਵਿੰਦਰ ਸਿੰਗਲਾ, ਭੂਪੇਂਦਰ ਦਾਦਾ ਸਮੇਤ ਹੋਰ ਵੀ ਹਾਜ਼ਰ ਸਨ।