ਮਹਿਲਾ ਦੀ ਤਰੱਕੀ ਨਾਲ ਪੂਰਾ ਪਰਿਵਾਰ ਤਰੱਕੀ ਕਰਦਾ : ਡੀਸੀ
ਮਹਿਲਾ ਦੀ ਤਰੱਕੀ ਨਾਲ ਪੂਰਾ ਪਰਿਵਾਰ ਤਰੱਕੀ ਕਰਦਾ: ਡੀਸੀ ਵਾਲੀਆ
Publish Date: Thu, 12 Mar 2026 05:26 PM (IST)
Updated Date: Thu, 12 Mar 2026 05:30 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਰਕਾਰ ਦੀ ਪ੍ਰੇਰਣਾ ਦਾਇਕ ਮੁਹਿੰਮ ‘ਆਪਣਾ ਕਾਰੋਬਾਰ ਆਪਣੀ ਪਹਿਚਾਣ ਮਹਿਲਾ ਉੱਦਮੀ ਸਨਮਾਨ 2026’ ਤਹਿਤ ਜ਼ਿਲ੍ਹਾ ਪੱਧਰੀ ਵਿਸ਼ੇਸ਼ ਸਮਾਗਮ ਸਰਕਾਰੀ ਬਿਕਰਮ ਕਾਲਜ ਪਟਿਆਲਾ ਦੇ ਆਡੀਟੋਰੀਅਮ ਵਿਚ ਸ਼ਾਨਦਾਰ ਢੰਗ ਨਾਲ ਕਰਵਾਇਆ ਗਿਆ। ਸਮਾਗਮ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਵਧੀਕ ਡਿਪਟੀ ਕਮਿਸ਼ਨਰ ਦਮਨਜੀਤ ਸਿੰਘ ਮਾਨ ਦੀ ਅਗਵਾਈ ਹੇਠ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਵੱਲੋਂ ਇਸ ਮੌਕੇ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਉੱਦਮ ਸਫਲਤਾਪੂਰਵਕ ਚਲਾ ਰਹੀਆਂ ਲਗਭਗ 100 ਮਹਿਲਾ ਉੱਦਮੀਆਂ ਨੂੰ ਸਨਮਾਨਿਤ ਕੀਤਾ ਗਿਆ। ਡੀਸੀ ਵਰਜੀਤ ਵਾਲੀਆ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜਦੋਂ ਮਹਿਲਾਵਾਂ ਪੜ੍ਹਾਈ, ਰੁਜ਼ਗਾਰ ਅਤੇ ਉੱਦਮ ਦੇ ਖੇਤਰਾਂ ਵਿਚ ਅੱਗੇ ਵਧਦੀਆਂ ਹਨ ਤਾਂ ਇਸ ਦਾ ਸਕਾਰਾਤਮਕ ਪ੍ਰਭਾਵ ਸਿਰਫ਼ ਇਕ ਵਿਅਕਤੀ ਤੱਕ ਸੀਮਿਤ ਨਹੀਂ ਰਹਿੰਦਾ, ਬਲਕਿ ਪੂਰਾ ਪਰਿਵਾਰ ਅਤੇ ਸਮਾਜ ਤਰੱਕੀ ਕਰਦਾ ਹੈ। ਏਡੀਸੀ ਦਮਨਜੀਤ ਸਿੰਘ ਮਾਨ ਨੇ ਕਿਹਾ ਕਿ ਜ਼ਿਲ੍ਹਾ ਪੱਧਰ ‘ਤੇ ਮਹਿਲਾਵਾਂ ਲਈ ਵੱਖ-ਵੱਖ ਮੇਲੇ ਅਤੇ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਗਈਆਂ ਹਨ, ਜਿਨ੍ਹਾਂ ਦਾ ਮੁੱਖ ਉਦੇਸ਼ ਸੈਲਫ ਹੈਲਪ ਗਰੁੱਪਾਂ ਨੂੰ ਨਵੀਆਂ ਸਕਿਲਾਂ ਸਿਖਾਉਣਾ ਅਤੇ ਉਨ੍ਹਾਂ ਨੂੰ ਵਪਾਰਕ ਮੌਕਿਆਂ ਨਾਲ ਜੋੜਨਾ ਹੈ। ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਆਰਤੀ ਗੁਪਤਾ, ਪਟਿਆਲਾ ਦਿਹਾਤੀ ਮਹਿਲਾ ਵਿੰਗ ਦੀ ਕੋਆਰਡੀਨੇਟਰ ਜਤਿੰਦਰ ਕੌਰ, ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਮੁਕਤਾ ਗੁਪਤਾ, ਜਿਊਰੀ ਮੈਂਬਰ ਅਤੇ ਮਹਿਲਾ ਉੱਦਮੀ ਰੁਪਿੰਦਰ ਪਸਰੀਚਾ, ਪ੍ਰੈਜ਼ੀਡੈਂਟ ਯੂਥ ਕਲੱਬ ਸੋਸ਼ਲ ਵਰਕਸ ਰੁਪਿੰਦਰ ਕੌਰ, ਮਹਿਲਾ ਉੱਦਮੀ ਸੰਦੀਪ ਕੌਰ, ਡੀ.ਪੀ.ਓ. ਪਰਦੀਪ ਸਿੰਘ ਗਿੱਲ ਅਤੇ ਡੀ.ਪੀ.ਐਮ. ਦੇ ਮੈਂਬਰ ਰੀਨਾ ਰਾਣੀ ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।