ਆਮ ਲੋਕਾਂ ਨੂੰ ਐੱਨਸੀਡੀ ਬਾਰੇ ਕੀਤਾ ਜਾਵੇ ਜਾਗਰੂਕ : ਡਾ. ਬਲਕਾਰ
ਐੱਨ.ਸੀ.ਡੀ ਪ੍ਰੋਗਰਾਮ ਤਹਿਤ ਜਿਲ੍ਹਾ ਪਟਿਆਲਾ ਦੇ ਐੱਸ.ਐਮ.ਓ ਨਾਲ ਮੀਟਿੰਗ
Publish Date: Tue, 06 Jan 2026 04:49 PM (IST)
Updated Date: Tue, 06 Jan 2026 04:50 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਿਵਲ ਸਰਜਨ ਪਟਿਆਲਾ ਡਾ.ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਬਲਕਾਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਪਟਿਆਲਾ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨਾਲ ਮੀਟਿੰਗ ਕੀਤੀ ਗਈ। ਇਸ ਵਿਚ ਐੱਨਸੀਡੀ ਪ੍ਰੋਗਰਾਮ ਬਾਰੇ ਗੈਰ ਸੰਚਾਰ ਬਿਮਾਰੀਆਂ ਦੀ ਰੋਕਥਾਮ, ਕੰਟਰੋਲ ਤੇ ਸਕਰੀਨ ਦੇ ਕੰਮ ਵਿਚ ਤੇਜ਼ੀ ਲਿਆਉਣ ਸਬੰਧੀ ਵਿਚਾਰ ਕੀਤਾ ਗਿਆ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਨੇ ਐੱਨਸੀਡੀ ਪ੍ਰੋਗਰਾਮ ਤਹਿਤ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬਿਮਾਰੀਆਂ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਦੀ ਸਮੇਂ ਸਿਰ ਪਛਾਣ ਤੇ ਇਲਾਜ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬਿਮਾਰੀਆਂ ਹੌਲੀ ਹੌਲੀ ਵਧਦੀਆਂ ਹਨ ਤੇ ਸਮੇਂ ਸਿਰ ਸਕਰੀਨਿੰਗ ਨਾਲ ਇਨ੍ਹਾਂ ’ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਸੀਨੀਅਰ ਮੈਡੀਕਲ ਅਫਸਰਾਂ ਨੂੰ ਕਿਹਾ ਕਿ ਆਮ ਲੋਕਾਂ ਨੂੰ ਐੱਨਸੀਡੀ ਬਾਰੇ ਜਾਗਰੂਕ ਕੀਤਾ ਜਾਵੇ ਅਤੇ 30 ਸਾਲ ਤੋਂ ਬਾਅਦ ਉਮਰ ਦੇ ਵਿਅਕਤੀ ਦੀ ਨਿਯਮਤ ਸਕਰੀਨਿੰਗ ਤੇ ਫੋਲੋ ਅਪ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਰਿਕਾਰਡ ਸੰਭਾਲ ਤੇ ਰਿਪੋਰਟਿੰਗ ਨੂੰ ਵੀ ਸਹੀ ਸਮੇਂ ਸਿਰ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਆਯੁਸ਼ਮਾਨ ਕੇਂਦਰਾਂ ਦੇ ਨਾਲ ਨਾਲ ਓਪੀਡੀ ਵਿਚ ਆਉਣ ਵਾਲੇ ਹਰ ਮਰੀਜ਼ ਦੀ ਐੱਨਸੀਡੀ ਸਬੰਧੀ ਸਕਰੀਨਿੰਗ ਕੀਤੀ ਜਾਵੇ। ਜਮੀਨੀ ਪੱਧਰ ਤੇ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਬਿਮਾਰੀਆਂ ਦੀ ਜਲਦੀ ਪਹਿਛਾਣ ਕਰਕੇ ਸਹੀ ਥਾਂ ਰੈਫਰ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ.ਸੁਮੀਤ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਰੀਤੀਕਾ ਗਰੋਵਰ, ਜ਼ਿਲ੍ਹਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ ਅਤੇ ਬੀਸੀਸੀ ਕੁਆਡੀਨੇਟਰ ਜਸਵੀਰ ਕੌਰ ਮੌਜੂਦ ਸਨ।