ਭੱਲਾ ਸਟ੍ਰੀਟ ’ਚ ਲੱਗੇ ਗੰਦਗੀ ਦੇ ਢੇਰਾਂ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
ਭੱਲਾ ਸਟ੍ਰੀਟ ’ਚ ਲੱਗੇ ਗੰਦਗੀ ਦੇ ਢੇਰਾਂ ਖ਼ਿਲਾਫ ਕੀਤੀ ਨਾਅਰੇਬਾਜ਼ੀ
Publish Date: Sat, 07 Mar 2026 04:03 PM (IST)
Updated Date: Sun, 08 Mar 2026 04:01 AM (IST)

ਕੂੜਾ ਨਾ ਚੁੱਕਿਆ ਤਾਂ ਲਾਵਾਂਗੇ ਜਾਮ : ਹਰਪਾਲ ਸੋਨੂੰ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਦੇ ਵਾਰਡ ਨੰਬਰ 13 ਵਿਚ ਸਥਿਤ ਭੱਲਾ ਸਟ੍ਰੀਟ ਵਿਚ ਕੂੜੇ ਤੇ ਗੰਦਗੀ ਦੇ ਢੇਰਾਂ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕਈ ਦਿਨਾਂ ਤੋਂ ਲੱਗੇ ਕੂੜੇ ਦੇ ਢੇਰਾਂ ਤੋਂ ਪਰੇਸ਼ਾਨ ਮੁਹੱਲਾ ਵਾਸੀਆਂ ਦਾ ਸ਼ਨਿੱਚਰਵਾਰ ਨੂੰ ਗੁੱਸਾ ਫੁੱਟ ਪਿਆ ਤੇ ਮੁਹੱਲਾ ਨਿਵਾਸੀਆਂ ਨੇ ਕਾਂਗਰਸ ਪਾਰਟੀ ਓਬੀਸੀ ਵਿੰਗ ਦੇ ਵਾਈਸ ਚੇਅਰਮੈਨ ਹਰਪਾਲ ਸੋਨੂੰ ਦੀ ਅਗਵਾਈ ਵਿਚ ਨਗਰ ਕੌਸਲ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਹਰਪਾਲ ਸੋਨੂੰ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਭੱਲਾ ਸਟ੍ਰੀਟ ਵਾਸੀਆਂ ਨੂੰ ਕੂੜੇ ਦੇ ਲੱਗੇ ਢੇਰ ਕਾਰਨ ਗੰਦਗੀ ਫੈਲੀ ਹੋਈ ਹੈ। ਉਨ੍ਹਾਂ ਮਿਉਂਸੀਪਲ ਕਮੇਟੀ ਸੰਗਰੂਰ ਨੂੰ ਚਿਤਾਵਨੀ ਭਰੇ ਲਹਿਜੇ ਵਿਚ ਕਿਹਾ ਹੈ ਕਿ ਜੇਕਰ ਇਹ ਕੂੜੇ ਦੇ ਢੇਰ ਤੁਰੰਤ ਨਾ ਹਟਾਏ ਗਏ, ਤਾਂ ਉਹ ਆਪਣੀ ਪਾਰਟੀ ਵਰਕਰਾਂ ਤੇ ਮੁਹੱਲਾ ਵਾਸੀਆਂ ਨੂੰ ਨਾਲ ਲੈ ਕੇ ਸ਼ਹਿਰ ਦੀ ਮੁੱਖ ਸੜਕ ਜਾਮ ਕਰਨ ਲਈ ਮਜ਼ਬੂਰ ਹੋਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਸਾਫ਼-ਸਫਾਈ ਦੇ ਕੰਮਾਂ ਵੱਲ ਮਿਉਂਸੀਪਲ ਕਮੇਟੀ ਦਾ ਬਿਲਕੁਲ ਕੋਈ ਵੀ ਧਿਆਨ ਨਹੀਂ ਹੈ, ਜਦਕਿ ਸ਼ਹਿਰ ਵਾਸੀਆਂ ਨੂੰ ਕੂੜੇ ਦੇ ਢੇਰ ਲੱਗਣ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਤੇ ਗਰਮੀ ਵਿਚ ਫੈਲੀ ਗੰਦਗੀ ਕਾਰਨ ਡੇਂਗੂ, ਮਲੇਰੀਆ ਤੋਂ ਇਲਾਵਾ ਹੋਰ ਭਿਆਨਕ ਬਿਮਾਰੀਆਂ ਫੈਲਣ ਦਾ ਖਦਸ਼ਾ ਪੈਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕੂੜੇ ਦੇ ਢੇਰਾਂ ਦਾ ਹੱਲ ਕਰਵਾਉਣ ਲਈ ਕਾਂਗਰਸ ਪਾਰਟੀ ਦੇ ਸਿਪਾਹੀ ਹੋਣ ਅਤੇ ਸ਼ਹਿਰ ਵਾਸੀਆਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਉਹ ਆਪਣੀ ਟੀਮ ਨਾਲ ਮਿਲਕੇ ਪ੍ਰਸ਼ਾਸ਼ਨ ਤੇ ਸਰਕਾਰ ਨੂੰ ਨੀਂਦ ਤੋਂ ਜਗਾਉਣ ਦਾ ਕੰਮ ਜਾਰੀ ਰੱਖਣਗੇ। ਇਸ ਮੌਕੇ ਰਾਜ ਕੁਮਾਰ, ਸੁਰਿੰਦਰ ਮੰਡੋਰਾ, ਨੰਦ ਲਾਲ ਗਰੋਵਰ, ਮੰਗਤ ਰਾਏ, ਮੋਹਨ ਸਿੰਘ, ਏਪੀ ਮਲਿਕ, ਵਿਜੈ ਕੁਮਾਰ, ਬੰਟੀ, ਐਨਕੇ ਟੇਲਰ, ਕਮਲ ਹਾਜ਼ਰ ਸਨ।