ਐੱਸਕੇਐੱਮ ਨੇ ਬੈਂਕ ਅੱਗੇ ਫੁਕਿਆ ਸਰਕਾਰ ਦਾ ਪੁਤਲਾ
ਐਸਕੇਐਮ ਨੇ ਬੈਂਕ ਅੱਗੇ ਫੁਕਿਆ ਸਰਕਾਰ ਦਾ ਪੁਤਲਾ
Publish Date: Mon, 30 Mar 2026 04:35 PM (IST)
Updated Date: Tue, 31 Mar 2026 04:04 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਲਹਿਰਾਗਾਗਾ ਦੇ ਲੈਂਡ ਮੋਰਟਗੇਜ਼ ਬੈਂਕ ਅੱਗੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਨਾਰੇਬਾਜ਼ੀ ਕੀਤੀ। ਇਸ ਸਮੇਂ ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਹਰੀ ਨੌ ਦੇ ਦੋ ਸਕੇ ਭਰਾਵਾਂ ਵੱਲੋਂ ਲੈਂਡਮਾਰਕ ਬੈਂਕ ਦੇ ਮੈਨੇਜਰ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ ਦੇ ਮਾਮਲੇ ’ਚ ਪਰਿਵਾਰ ਨੂੰ ਇਨਸਾਫ ਦਵਾਉਣ ਤੇ ਲੈਂਡਮਾਰਕ ਬੈਂਕ ਵੱਲੋਂ ਕਰਜਾ ਨਾ ਮੋੜ ਸਕਣ ਵਾਲੇ 20 ਏਕੜ ਤੋਂ ਵੱਧ ਜਮੀਨ ਵਾਲੇ ਕਿਸਾਨਾਂ ਦੀ ਜਮੀਨ ਨਿਲਾਮ ਕਰਨ ਲਈ ਕੱਢੇ ਜਾ ਰਹੇ ਨੋਟਿਸਾਂ ਦੇ ਵਿਰੋਧ ’ਚ ਲੈਂਡਮਾਰਕ ਬੈਂਕ ਲਹਿਰਾਗਾਗਾ ਅੱਗੇ ਦੋ ਘੰਟੇ ਧਰਨਾ ਦੇ ਕੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਬੀਕੇਯੂ ਏਕਤਾ ਸਿੱਧੂਪੁਰ ਦੇ ਆਗੂ ਰਾਮਫਲ ਸਿੰਘ ਜਲੂਰ , ਜਤਿੰਦਰ ਸਿੰਘ ਜਲੂਰ, ਬੀਕੇਯੂ ਏਕਤਾ ਮਲਵਈ ਦੇ ਆਗੂ ਹਰਜਿੰਦਰ ਸਿੰਘ ਨੰਗਲਾ, ਕੁਲਦੀਪ ਸਿੰਘ ਰਾਮਗੜ੍ਹ ਨੇ ਕਿਹਾ ਕਿ ਪਿੰਡ ਹਰੀ ਨੌ ਦੇ ਖੁਦਕੁਸ਼ੀ ਕਰਨ ਵਾਲੇ ਭਰਾਵਾਂ ਨੇ ਲੈਂਡ ਮਾਰਕ ਬੈਂਕ ਤੋਂ 5 ਲੱਖ ਰੁਪਏ ਦਾ ਕਰਜ਼ਾ ਲਿਆ ਸੀ ਜੋ ਕਿ ਅੱਗੇ ਚੱਲ ਕੇ 17 ਲੱਖ ਤੋਂ ਵੀ ਜ਼ਿਆਦਾ ਦੀ ਰਕਮ ਉਨ੍ਹਾਂ ਨੂੰ ਵਾਪਸ ਕਰਨੀ ਪਈ ਤੇ ਇਸ ਕਰਜ਼ੇ ਨੂੰ ਉਤਾਰਨ ਲਈ ਉਨ੍ਹਾਂ ਨੂੰ ਆਪਣੀ ਥੋੜੀ ਜ਼ਮੀਨ ਵੀ ਵੇਚਣੀ ਪਈ ਜਿਸ ਤੋਂ ਪ੍ਰੇਸ਼ਾਨ ਹੋ ਕੇ ਦੋਵਾਂ ਨੇ ਖੁਦਕੁਸ਼ੀ ਕਰ ਲਈ, ਜਿਸ ਲਈ ਸਿੱਧੇ ਤੌਰ ਤੇ ਮੈਨੇਜਰ ਜਿੰਮੇਵਾਰ ਹੈ। ਇਸ ਲਈ ਪੰਜਾਬ ਸਰਕਾਰ ਨੂੰ ਫੌਰੀ ਤੌਰ ਤੇ ਉਸ ਮੈਨੇਜਰ ਖਿਲਾਫ ਕਤਲ ਦਾ ਪਰਚਾ ਦਰਜ ਕਰਨਾ ਚਾਹੀਦਾ ਹੈ ਤੇ ਨਾਲ ਹੀ ਉਨਾਂ ਮ੍ਰਿਤਕ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਕੇ ਪਰਿਵਾਰ ਦੇ ਜਖਮਾਂ ਤੇ ਮੱਲਮ ਲਾਉਣੀ ਚਾਹੀਦੀ ਹੈ ।
ਉਨਾਂ ਦੱਸਿਆ ਕਿ ਐਸਕੇਐਮ ਗੈਰ ਰਾਜਨੀਤਿਕ ਭਾਰਤ ਵੱਲੋਂ 2 ਅਪ੍ਰੈਲ ਨੂੰ ਸਮੁੱਚੇ ਭਾਰਤ ਅੰਦਰ ਜਿਲਾ ਹੈਡਕੁਆਰਟਰਾਂ ਉੱਪਰ ਧਰਨੇ ਦੇ ਕੇ ਭਾਰਤ ਸਰਕਾਰ ਵੱਲੋਂ ਹੋਰ ਦੇਸ਼ਾਂ ਨਾਲ ਕੀਤੇ ਗਏ ਮੁਕਤ ਵਪਾਰ ਸਮਝੌਤੇ ਰੱਦ ਕਰਨ, ਉਨਾਂ ਸਮਝੌਤਿਆਂ ਤੋਂ ਬਾਹਰ ਆਉਣ ਸਮੇਤ ਹੋਰਨਾਂ ਮੰਗਾਂ ਸਬੰਧੀ ਮਾਣਯੋਗ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦਿੱਤੇ ਜਾਣਗੇ ।
ਇਸ ਮੌਕੇ ਜਾਗਰ ਸਿੰਘ ਗਦੜਿਆਣੀ,ਬਲਕਾਰ ਸਿੰਘ ਲਹਿਲ ਖੁਰਦ, ਬਿੰਦਰ ਸਿੰਘ ਲਹਿਲ ਕਲਾਂ, ਮਨਜੀਤ ਸਿੰਘ ਖਾਈ, ਪਰਮਜੀਤ ਕੌਰ ਲਹਿਲ ਕਲਾਂ, ਬਲਜੀਤ ਕੌਰ ਲਹਿਲ ਕਲਾਂ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਜਲੂਰ, ਅਵਤਾਰ ਸਿੰਘ ਰਾਮਪੁਰਾ, ਸੁਖਦੇਵ ਸਿੰਘ ਖੋਖਰ, ਜਾਗਰ ਸਿੰਘ ਗਦੜਿਆਣੀ, ਗੁਰਦਿਆਲ ਸਿੰਘ ਗਦੜਿਆਣੀ, ਮਨਜੀਤ ਸਿੰਘ ਖਾਈ, ਲਾਲ ਸਿੰਘ ਖਾਈ, ਕਾਕਾ ਸਿੰਘ ਸਲੇਮਗੜ੍ਹ, ਰੂਪ ਸਿੰਘ ਭਾਠੂਆਂ, ਮਿੱਠੂ ਸਿੰਘ ਭੂਟਾਲ ਕਲਾਂ, ਨਾਹਰ ਸਲੇਮਗੜ, ਬਿੰਦਰ ਰਾਮਗੜ੍ਹ , ਰਜਿੰਦਰ ਕੌਰ, ਪਰਮਜੀਤ ਕੌਰ, ਗੁਰਮੀਤ ਕੌਰ ਸੰਗਤਪੁਰਾ, ਕ੍ਰਿਸ਼ਨ ਨੰਗਲਾ ਹਾਜ਼ਰ ਸਨ।