ਆਈਜੀ ਚਾਹਲ ਨਾਲ ਸਾਈਬਰ ਠੱਗੀ ਮਾਰਨ ਦੇ ਮਾਮਲੇ 'ਚ ਛੇ ਮੁਲਜ਼ਮ ਅਦਾਲਤ 'ਚ ਪੇਸ਼, ਦੋ ਨਿਆਇਕ ਹਿਰਾਸਤ 'ਚ, ਚਾਰ ਮੁਲਜ਼ਮ ਤਿੰਨ ਦਿਨਾਂ ਦੇ ਰਿਮਾਂਡ 'ਤੇ
ਪੰਜਾਬ ਪੁਲਿਸ ਦੇ ਸਾਬਕਾ ਆਈਜੀ ਅਮਰ ਸਿੰਘ ਚਾਹਲ ਨਾਲ ਸਾਈਬਰ ਠੱਗੀ ਮਾਰਨ ਦੇ ਮਾਮਲੇ ਵਿੱਚ ਛੇ ਮੁਲਜ਼ਮਾਂ ਨੂੰ ਰਿਮਾਂਡ ਖ਼ਤਮ ਹੋਣ 'ਤੇ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਚਾਰ ਮੁਲਜ਼ਮਾਂ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ
Publish Date: Thu, 08 Jan 2026 07:34 PM (IST)
Updated Date: Thu, 08 Jan 2026 07:40 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਪੁਲਿਸ ਦੇ ਸਾਬਕਾ ਆਈਜੀ ਅਮਰ ਸਿੰਘ ਚਾਹਲ ਨਾਲ ਸਾਈਬਰ ਠੱਗੀ ਮਾਰਨ ਦੇ ਮਾਮਲੇ ਵਿੱਚ ਛੇ ਮੁਲਜ਼ਮਾਂ ਨੂੰ ਰਿਮਾਂਡ ਖ਼ਤਮ ਹੋਣ 'ਤੇ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਚਾਰ ਮੁਲਜ਼ਮਾਂ ਦਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ, ਜਦਕਿ ਦੋ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ। ਸਾਈਬਰ ਕ੍ਰਾਈਮ ਥਾਣਾ ਪੁਲਿਸ ਨੇ ਵੀਰਵਾਰ ਨੂੰ ਲਖਨ ਸ੍ਰੀ ਚੰਦ, ਸੋਮਨਾਥ, ਰਣਜੀਤ ਨੰਬਰਦਾਰ, ਪ੍ਰਤੀਕ ਉੱਤਮ, ਆਸ਼ੀਸ਼ ਕੁਮਾਰ ਅਤੇ ਮੁਹੰਮਦ ਸ਼ਾਰਿਫ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸੀ। ਇਹਨਾਂ ਵਿੱਚੋਂ ਸੋਮਨਾਥ ਅਤੇ ਮੁਹੰਮਦ ਸ਼ਾਰਿਫ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜਿਆ ਗਿਆ ਹੈ, ਜਦਕਿ ਲਖਨ ਸ੍ਰੀ ਚੰਦ, ਰਣਜੀਤ ਨੰਬਰਦਾਰ, ਪ੍ਰਤੀਕ ਉੱਤਮ ਅਤੇ ਆਸ਼ੀਸ਼ ਕੁਮਾਰ ਪਾਂਡੇ ਤਿੰਨ ਦਿਨਾਂ ਦੇ ਰਿਮਾਂਡ 'ਤੇ ਹਨ। ਸਾਈਬਰ ਕ੍ਰਾਈਮ ਥਾਣੇ ਦੇ ਇੰਚਾਰਜ ਇੰਸਪੈਕਟਰ ਤਰਨਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੱਤਵਾਂ ਮੁਲਜ਼ਮ 46 ਸਾਲਾ ਚੰਦਰਕਾਂਤ, ਬੀਪੀ ਅਤੇ ਸ਼ੂਗਰ ਦੀ ਬਿਮਾਰੀ ਕਾਰਨ ਆਈਸੀਯੂ ਵਿੱਚ ਦਾਖਲ ਹੈ। ਬਿਮਾਰ ਹੋਣ ਕਾਰਨ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ। ਇਹ ਮੁਲਜ਼ਮ ਸਿਮ ਕਾਰਡ ਤਿਆਰ ਕਰਕੇ ਦੁਬਈ ਭੇਜਦਾ ਸੀ।
ਸੇਵਾ ਮੁਕਤ ਆਈਜੀ ਅਮਰ ਸਿੰਘ ਚਾਹਲ ਨਾਲ ਤਕਰੀਬਨ ਦੋ ਹਫ਼ਤੇ ਪਹਿਲਾਂ 8 ਕਰੋੜ 10 ਲੱਖ ਰੁਪਏ ਦੀ ਠੱਗੀ ਹੋਈ ਸੀ। ਇਸ ਤੋਂ ਪਰੇਸ਼ਾਨ ਹੋ ਕੇ ਚਾਹਲ ਨੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਸਮੇਂ ਸਿਰ ਇਲਾਜ ਮਿਲਣ ਕਾਰਨ ਉਨ੍ਹਾਂ ਦੀ ਜਾਨ ਬਚ ਗਈ।
ਪਟਿਆਲਾ ਸਾਈਬਰ ਪੁਲਿਸ ਨੇ ਠੱਗੀ ਗਈ ਰਕਮ ਵਿੱਚੋਂ ਕਰੀਬ ਸਵਾ ਤਿੰਨ ਕਰੋੜ ਰੁਪਏ ਵੱਖ-ਵੱਖ ਖ਼ਾਤਿਆਂ ਵਿੱਚ ਫ੍ਰੀਜ਼ ਕਰਵਾ ਦਿੱਤੇ ਸਨ। ਰਿਟਾਇਰਡ ਆਈਜੀ ਚਾਹਲ ਨੇ ਇਹ ਪੈਸੇ ਵਾਪਸ ਲੈਣ ਦੀ ਮੰਗ ਕੀਤੀ ਹੈ, ਜਿਸ ਤੋਂ ਬਾਅਦ ਸਾਈਬਰ ਕ੍ਰਾਈਮ ਥਾਣੇ ਨੇ ਬੈਂਕ ਨਾਲ ਤਾਲਮੇਲ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ, ਰਿਮਾਂਡ 'ਤੇ ਚੱਲ ਰਹੇ ਚਾਰ ਮੁਲਜ਼ਮਾਂ ਕੋਲੋਂ ਪੈਸੇ ਟ੍ਰਾਂਸਫਰ ਕਰਨ ਬਾਰੇ ਪੁੱਛਗਿੱਛ ਕੀਤੀ ਜਾਣੀ ਹੈ, ਕਿਉਂਕਿ ਉਨ੍ਹਾਂ ਦੇ ਖ਼ਾਤਿਆਂ ਰਾਹੀਂ ਹੀ ਪੈਸੇ ਕਢਵਾਏ ਗਏ ਸਨ।