ਛਾਪੇਮਾਰੀ ਦੌਰਾਨ 70 ਘਰੇਲੂ ਗੈਸ ਦੇ ਸਿਲੰਡਰ ਕੀਤੇ ਜ਼ਬਤ
ਛਾਪੇਮਾਰੀ ਦੋਰਾਨ 70 ਘਰੇਲੂ ਗੈਸ ਦੇ ਸਿਲੰਡਰ ਕੀਤੇ ਜਬਤ
Publish Date: Tue, 17 Mar 2026 06:28 PM (IST)
Updated Date: Tue, 17 Mar 2026 06:31 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ : ਸੂਬੇ ਦੇ ਅੰਦਰ ਫੂਡ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਘਰੇਲੂ ਗੈਸ ਦੀ ਦੁਰਵਰਤੋਂ ਸਬੰਧੀ ਸਖਤੀ ਕਰ ਦਿੱਤੀ ਗਈ ਹੈ। ਢਾਬੇ ਹੋਟਲਾਂ ਰੇੜੀਆਂ ਹਾਤਿਆਂ ਅਤੇ ਹਲਵਾਈਆਂ ਦੀਆਂ ਦੁਕਾਨਾਂ ਤੇ ਕਮਰਸ਼ੀਅਲ ਦੀ ਜਗ੍ਹਾ ਘਰੇਲੂ ਗੈਸ ਸਿਲੰਡਰ ਗੈਰ ਕਾਨੂਨੀ ਢੰਗ ਨਾਲ ਆਮ ਵਰਤਿਆ ਜਾ ਰਿਹਾ ਸੀ। ਜਿਸ ਕਾਰਨ ਨਾਭਾ ਦੇ ਏਐੱਫਐੱਸਓ ਪੰਕਜ ਠਾਕੁਰ ਦੀ ਅਗਵਾਈ ’ਚ ਇੰਸਪੈਕਟਰ ਧਨਵੰਤ ਰਾਏ, ਰਜਨੀਸ਼ ਦੁੱਗਲ ,ਰੀਤੂ ਬਾਲਾ, ਜਸਦੀਪ ਸਿੱਧੂ ਨੇ ਆਪਣੀ ਟੀਮ ਸਮੇਤ ਬਾਜ਼ਾਰ ਵਿਚ ਦੁਕਾਨਾਂ ਤੇ ਛਾਪੇਮਾਰੀ ਕੀਤੀ ਤੇ ਹੋਟਲਾਂ ਅਹਾਤਿਆਂ ਪਕੌੜਿਆਂ ਦੀਆਂ ਦੁਕਾਨਾਂ ਅਤੇ ਰੈਸਟੋਰੈਂਟਾਂ ਤੋਂ ਘਰੇਲੂ ਸਿਲੰਡਰ ਚੁੱਕੇ ਗਏ। ਪੱਤਰਕਾਰਾ ਨਾਲ ਗੱਲਬਾਤ ਕਰਦੇ ਏਐੱਫਐੱਸਓ ਪੰਕਜ ਠਾਕੁਰ ਨੇ ਦੱਸਿਆ ਕਿ 70 ਦੇ ਕਰੀਬ ਸਿਲੰਡਰ ਵੱਖ-ਵੱਖ ਥਾਵਾਂ ਤੋਂ ਛਾਪੇਮਾਰੀ ਦੌਰਾਨ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਗੈਸ ਦੀ ਕੋਈ ਬਹੁਤ ਜਿਆਦਾ ਘਾਟ ਜਾਂ ਕਿੱਲਤ ਨਹੀਂ ਹੈ ਆਮ ਜਨਤਾ ਵਿਚ ਬੁਕਿੰਗ ਵਾਲੀ ਐਪ ਦੇ ਡਾਊਨ ਹੋਣ ਕਾਰਨ ਹਾਹਕਾਰ ਮੱਚ ਗਈ, ਉਨ੍ਹਾਂ ਕਿਹਾ ਬੁਕਿੰਗ ਦੌਰਾਨ ਹਰ ਵਿਅਕਤੀ ਨੂੰ ਜ਼ਰੂਰਤ ਲਈ ਸਿਲੰਡਰ ਮਿਲੇਗਾ। ਜੋ ਲੋਕ ਆਪਣੇ ਹੋਟਲ ਢਾਬੇ ਰੇੜੀਆਂ ਜਾਂ ਹਲਵਾਈ ਦੀਆਂ ਦੁਕਾਨਾਂ ਸਮੇਤ ਵਪਾਰਿਕ ਕੰਮਾਂ ਲਈ ਕਮਰਸ਼ੀਅਨ ਸਿਲੰਡਰ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਜਿਨਾਂ ਵਿਅਕਤੀਆਂ ਤੋਂ ਘਰੇਲੂ ਗੈਸ ਦੇ ਸਿਲੰਡਰ ਬਰਾਮਦ ਕੀਤੇ ਗਏ ਹਨ ਉਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। -ਛਾਪੇਮਾਰੀ ਦੌਰਾਨ ਨਾਭਾ ਦੇ ਬੋੜਾ ਵਾਲਾ ਗੇਟ ਦੇ ਨਜ਼ਦੀਕ ਹਾਤੇ ਤੋਂ ਜਦੋਂ ਖਾਲੀ ਸਿਲੰਡਰ ਚੁੱਕੇ ਤਾਂ ਹਾਤਾ ਮਾਲਕ ਨਾਲ ਏਐੱਫਐੱਸਓ ਪੰਕਜ ਠਾਕੁਰ ਦੀ ਸਿਲੰਡਰ ਨਾ ਚੁੱਕਣ ਦੇਣ ਤੇ ਤੂੰ ਤੂੰ ਮੈਂ ਮੈਂ ਹੋ ਗਈ। ਜਿਸ ਦੌਰਾਨ ਪ੍ਰੰਕਜ ਠਾਕੁਰ ਵੱਲੋਂ ਸਰਕਾਰੀ ਕੰਮ ਵਿਚ ਵਿਘਨ ਪਾਉਣ ਦਾ ਮਾਮਲਾ ਦਰਜ ਕਰਵਾਉਣ ਦੀ ਗੱਲ ਕਹਿਣ ਤੇ ਅਹਾਤੇ ਵਾਲੇ ਵੱਲੋਂ ਸਿਲੰਡਰ ਚੁੱਕਣ ਦਿੱਤੇ ਗਏ।