ਸਿੱਖ ਸੰਗਠਨਾਂ ਨੇ ਅਮਨ ਅਰੋੜਾ ਦੀ ਕੋਠੀ ਮੂਹਰੇ ਦਿੱਤਾ ਧਰਨਾ
ਸਿੱਖ ਸੰਗਠਨਾਂ ਨੇ ਅਮਨ ਅਰੋੜਾ ਦੀ ਕੋਠੀ ਮੂਹਰੇ ਦਿੱਤਾ ਧਰਨਾ
Publish Date: Thu, 12 Mar 2026 05:47 PM (IST)
Updated Date: Fri, 13 Mar 2026 04:07 AM (IST)

ਕਿਹਾ- ਬੇਅਦਬੀਆਂ ਰੋਕਣ ਲਈ ਕਾਨੂੰਨ ਬਣਾਏ ਸਰਕਾਰ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਧਾਰਮਿਕ ਗ੍ਰੰਥਾਂ ਦੀ ਹੋ ਰਹੀ ਬੇਅਬਦੀ ਦੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਵੀਰਵਾਰ ਨੂੰ ਸੁਨਾਮ ਵਿਖੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਮੂਹਰੇ ਸਿੱਖ ਸੰਗਠਨਾਂ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਾਰਕੁਨਾਂ ਨੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਬੇਅਦਬੀਆਂ ਰੋਕਣ ਲਈ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਖਾਲਸਾ ਲੰਮੇ ਸਮੇਂ ਤੋਂ ਸਮਾਣਾ ਵਿਖੇ ਟਾਵਰ ’ਤੇ ਚੜ੍ਹਿਆ ਹੋਇਆ ਹੈ। ਸਮਾਣਾ ਟਾਵਰ ਮੋਰਚਾ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਮਿਤੋਜ ਸਿੰਘ ਮਾਨ, ਤਲਵਿੰਦਰ ਸਿੰਘ ਤੇ ਰਣ ਸਿੰਘ ਚੱਠਾ ਨੇ ਸੂਬੇ ਦੀ ਭਗਵੰਤ ਮਾਨ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਵਿਧਾਨ ਸਭਾ ਵਿਚ ਪੰਜਾਬ ਸਰਕਾਰ ਵੱਲੋਂ ਆਪਣੇ ਸਿਆਸੀ ਵਿਰੋਧੀਆਂ ਦੇ ਖ਼ਿਲਾਫ਼ ਨਿੰਦਾ ਮਤਾ ਲਿਆਂਦੇ ਜਾ ਰਹੇ ਹਨ ਪਰੰਤੂ ਸੂਬੇ ਵਿਚ ਧਾਰਮਿਕ ਗ੍ਰੰਥਾਂ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਲੈ ਕੇ ਕੋਈ ਵੀ ਨਿੰਦਾ ਮਤਾ ਹੁਣ ਤੱਕ ਨਹੀਂ ਲਿਆਂਦਾ ਗਿਆ। ਉਨ੍ਹਾਂ ਆਖਿਆ ਕਿ ਆਪ ਸਰਕਾਰ ਦੇ ਆਗੂਆਂ ਨੇ ਵਾਅਦਾ ਕੀਤਾ ਸੀ ਕਿ ਉਹ ਟਾਵਰ ਮੋਰਚਾ ਦੀ ਸਟੇਜ ’ਤੇ ਆ ਕੇ ਧਰਨਾਕਾਰੀਆਂ ਦਾ ਪੱਖ ਸੁਣਨਗੇ ਪਰ ਹੁਣ ਟਾਲਾ ਵੱਟ ਰਹੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀਆਂ ਰੋਕਣ ਲਈ ਕਾਨੂੰਨ ਬਣਾਉਣ ਦੀ ਮੰਗ ਨੂੰ ਲੈਕੇ ਭਾਈ ਗੁਰਜੀਤ ਸਿੰਘ ਖਾਲਸਾ ਪਿਛਲੇ ਸਤਾਰਾਂ ਮਹੀਨਿਆਂ ਤੋਂ ਟਾਵਰ ਤੇ ਬੈਠਕੇ ਸੰਘਰਸ਼ ਕਰ ਰਹੇ ਹਨ। ਬੁਲਾਰਿਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਚ ਸਾਰੇ ਧਰਮਾ ਦੇ ਪਵਿੱਤਰ ਗ੍ਰੰਥਾਂ ਨੂੰ ਲੈਕੇ ਸਖਤ ਕਾਨੂੰਨ ਬਣਾਇਆ ਜਾਵੇ ਤਾਂ ਜੋ ਬੇਅਦਬੀ ਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੀ ਕੋਈ ਜੁਰਅਤ ਨਾ ਕਰ ਸਕੇ। ਧਰਨਾਕਾਰੀਆਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਦਫ਼ਤਰ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਭਾਈ ਅਮਰਜੀਤ ਸਿੰਘ ਕਣਕਵਾਲ, ਕਸ਼ਮੀਰ ਸਿੰਘ ਉਗਰਾਹਾਂ, ਕਰਮ ਸਿੰਘ ਨਮੋਲ, ਮਦਨ ਸਿੰਘ ਮਹਿਲਾਂ, ਹਰਜਿੰਦਰ ਸਿੰਘ ਮਹਿਲਾਂ, ਹਰਬੰਸ ਸਿੰਘ ਖਡਿਆਲ, ਗੁਰਤੇਜ ਸਿੰਘ ਨੀਲੋਵਾਲ, ਗੁਰਚਰਨ ਸਿੰਘ ਨਮੋਲ, ਭਗਵੰਤ ਸਿੰਘ ਮੈਦੇਵਾਸ ਅਤੇ ਭੋਲਾ ਸਿੰਘ ਨੀਲੋਵਾਲ ਆਦਿ ਹਾਜ਼ਰ ਸਨ।