ਬਿਜਲੀ ਦੇ ਖੰਭਿਆਂ ਤੇ ਦਰੱਖਤਾਂ ’ਤੇ ਲੱਗੇ ਬੋਰਡ ਦੇ ਰਹੇ ਹਾਦਸਿਆਂ ਨੂੰ ਸੱਦਾ
ਬਿਜਲੀ ਦੇ ਖੰਭਿਆਂ ਅਤੇ ਦਰਖਤਾਂ ਤੇ ਲੱਗੇ ਬੋਰਡ ਦੇ ਰਹੇ ਹਾਦਸਿਆਂ ਨੂੰ ਸੱਦਾ
Publish Date: Fri, 06 Feb 2026 05:19 PM (IST)
Updated Date: Sat, 07 Feb 2026 04:03 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਭਾਵੇਂ ਪੰਜਾਬ ਸਰਕਾਰ ਪੰਜਾਬ ਵਿਚ ਸੜਕਾਂ ਦੇ ਵਿਕਾਸ ਨੂੰ ਲੈ ਕੇ ਪੂਰੇ ਜ਼ੋਰਾਂ-ਸ਼ੋਰਾਂ ਨਾਲ ਕੰਮ ਕਰ ਰਹੀ ਹੈ, ਪ੍ਰੰਤੂ ਸਟੇਟ ਹਾਈਵੇ ਦੇ ਕਿਨਾਰੇ ਬਿਜਲੀ ਦੇ ਖੰਭੇ ਤੇ ਜੰਗਲਾਤ ਵਿਭਾਗ ਦੇ ਹਰੇ-ਭਰੇ ਦਰੱਖਤਾਂ ਉੱਪਰ ਸਕੂਲਾਂ ਦੇ ਇਸ਼ਤਿਹਾਰੀ ਬੋਰਡ ਸੜਕ ਦੁਰਘਟਨਾਵਾਂ ਨੂੰ ਸੱਦਾ ਦੇ ਰਹੇ ਹਨ। ਇਸ ਦਾ ਕਿ ਤਾਜ਼ਾ ਉਦਾਹਰਨ ਮੂਨਕ ਤੋਂ ਪਟਿਆਲਾ, ਚੰਡੀਗੜ੍ਹ ਸਟੇਟ ਹਾਈਵੇਅ ’ਤੇ ਦੇਖਣ ਨੂੰ ਮਿਲਿਆ। ਜਿੱਥੇ ਕਿ ਨੇੜਲੇ ਪਿੰਡ ਹਮੀਰਗੜ੍ਹ ਦੇ ਲਾਰਡ ਸ਼ਿਵਾ ਪਬਲਿਕ ਸਕੂਲ ਵੱਲੋਂ ਬਿਨਾਂ ਕਿਸੇ ਮਨਜ਼ੂਰੀ ਤੋਂ ਆਪਣੀ ਮਸ਼ਹੂਰੀ ਲਈ ਇਸ਼ਤਿਹਾਰਬਾਜ਼ੀ ਬੋਰਡ ਲਗਾ ਕੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਜਿਕਰਯੋਗ ਹੈ ਕਿ ਇਹ ਹਾਈਵੇਅ ਹਿਸਾਰ-ਚੰਡੀਗੜ੍ਹ ਨੂੰ ਜੋੜਦਾ ਹੈ। ਇਸ ਕਾਰਨ ਤੇਜ਼ ਰਫਤਾਰ ਵਾਲੇ ਵਾਹਨ ਚੱਲਦੇ ਹਨ ਜੇਕਰ ਕਿਸੇ ਵਾਹਨ ਡਰਾਈਵਰ ਦਾ ਧਿਆਨ ਇਨ੍ਹਾਂ ਬੋਰਡਾਂ ਵੱਲ ਹੁੰਦਾ ਹੈ ਤਾਂ ਹਾਦਸੇ ਦਾ ਸ਼ਿਕਾਰ ਬਣ ਸਕਦੇ ਹਨ ਤਾਂ ਇਸ ਦਾ ਜਿੰਮੇਵਾਰ ਕੌਣ ਹੋਵੇਗਾ। ਸਕੂਲ ਦੇ ਪ੍ਰਿੰਸੀਪਲ ਨੇ ਨਹੀਂ ਦਿੱਤਾ ਜਵਾਬ ਇਸ ਮੌਕੇ ਜਦੋਂ ਸਕੂਲ ਦੇ ਪ੍ਰਿੰਸੀਪਲ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਗੱਲ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਅਤੇ ਪੱਤਰਕਾਰ ਨੂੰ ਸਕੂਲ ਵਿੱਚ ਆਉਣ ਲਈ ਕਿਹਾ ਗਿਆ ਅਤੇ ਬਿਨਾਂ ਕੋਈ ਜਵਾਬ ਦਿੱਤੇ ਹੀ ਮੋਬਾਈਲ ਫੋਨ ਕੱਟ ਦਿੱਤਾ ਗਿਆ। ਅਸੀਂ ਬਣਦੀ ਕਾਰਵਾਈ ਕਰਾਂਗੇ : ਜੰਗਲਾਤ ਵਿਭਾਗ ਦੇ ਅਧਿਕਾਰੀ ਇਸ ਮੌਕੇ ਜੰਗਲਾਤ ਵਿਭਾਗ ਦੇ ਬਲਾਕ ਅਫਸਰ ਜਸਵੀਰ ਸਿੰਘ ਆਰਓ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਬਣਦੀ ਕਾਰਵਾਈ ਕਰਾਂਗੇ ਹੁਣ ਦੇਖਣਾ ਬਣਦਾ ਹੈ ਕਿ ਕਾਰਵਾਈ ਹੋਵੇਗੀ ਜਾਂ ਇਸ ਨੂੰ ਅਣਗੌਲਿਆ ਕੀਤਾ ਜਾਵੇਗਾ। ਅਸੀਂ ਇਸ ’ਤੇ ਬਣਦੀ ਕਾਰਵਾਈ ਕਰਾਂਗੇ : ਬਿਜਲੀ ਬੋਰਡ ਦੇ ਅਧਿਕਾਰੀ ਜਦੋਂ ਪੰਜਾਬ ਰਾਜ ਬਿਜਲੀ ਬੋਰਡ ਦੇ ਐਕਸੀਅਨ ਲਹਿਰਾਗਾਗਾ ਨਾਲੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਇਹ ਸਰਾਸਰ ਗੈਰ ਕਾਨੂੰਨੀ ਹੈ ਤੇ ਇਹ ਸਾਡੇ ਧਿਆਨ ਵਿਚ ਨਹੀਂ ਹੈ ਤੇ ਅਸੀਂ ਇਸ ’ਤੇ ਬਣਦੀ ਕਾਰਵਾਈ ਕਰਾਂਗੇ।