ਸਿੱਧੂਪੁਰ ਯੂਨੀਅਨ ਨੇ ਚੋਟੀਆਂ ਟੋਲ ਪਲਾਜਾ ਕੀਤਾ ਫ੍ਰੀ
ਸਿੱਧੂਪੁਰ ਯੂਨੀਅਨ ਨੇ ਚੋਟੀਆਂ ਟੋਲ ਪਲਾਜਾ ਕੀਤਾ ਫਰੀ
Publish Date: Fri, 27 Feb 2026 05:58 PM (IST)
Updated Date: Sat, 28 Feb 2026 04:02 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਭਾਰਤੀ ਕਿਸਾਨ ਯੂਨੀਅਨ (ਏਕਤਾ ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਤਰਸੇਮ ਸਿੰਘ ਗੋਬਿੰਦਪੁਰਾ ਦੀ ਅਗਵਾਈ ਹੇਠ ਚੋਟੀਆਂ ਟੋਲ ਪਲਾਜੇ ਨੂੰ 4 ਘੰਟੇ ਲਈ ਫ੍ਰੀ ਕੀਤਾ ਗਿਆ। ਇਸ ਮੌਕੇ ਤਰਸੇਮ ਸਿੰਘ ਗੋਬਿੰਦਪੁਰਾ ਨੇ ਕਿਹਾ ਕਿ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਬਣਾਉਣ ਦੀ ਮੰਗ ਨੂੰ ਲੈ ਕੇ ਭਾਈ ਗੁਰਜੀਤ ਸਿੰਘ ਫੌ਼ਜੀ 517 ਦਿਨਾਂ ਤੋਂ ਸਮਾਣਾ ਵਿਖੇ 400 ਫੁੱਟ ਉੱਚੇ ਟਾਵਰ ’ਤੇ ਬੈਠੇ ਹੋਏ ਹਨ। ਪਰ ਸਰਕਾਰ ਇਸ ਵੱਲ ਕੋਈ ਗੌਰ ਨਹੀਂ ਕਰ ਰਹੀ। ਜ਼ਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ ਕੋਟਲੀ ਨੇ ਦੱਸਿਆ ਕਿ ਟਾਵਰ ਮੋਰਚਾ ਕਮੇਟੀ ਵੱਲੋਂ ਬੀਕੇਯੂ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਕੋਲ ਹਮਾਇਤ ਦੀ ਅਪੀਲ ਕੀਤੀ ਗਈ ਸੀ ਤਾਂ ਡੱਲੇਵਾਲ ਨੇ ਕਿਹਾ ਸੀ ਕਿ ਅਪੀਲ ਨਾ ਕਰੋ ਇਹ ਤਾਂ ਸਾਡਾ ਫਰਜ਼ ਬਣਦਾ ਹੈ ਤੇ ਅਸੀਂ ਡਟਵੀਂ ਹਮਾਇਤ ਕਰ ਕੇ ਸਾਡੇ ਗੁਰੂ ਪ੍ਰਤੀ ਬਣਦਾ ਫ਼ਰਜ਼ ਨਿਭਾਵਾਂਗੇ। ਇਸ ਤਹਿਤ 24 ਫਰਵਰੀ ਨੂੰ ਟਾਵਰ ਨੇੜੇ ਇਕੱਠੀ ਹੋਈ ਸੰਗਤ ਨੇ ਪੁਲਿਸ ਦੀਆਂ ਰੋਕਾਂ ਤੋੜ ਕੇ ਜੀਂਦ ਚੰਡੀਗੜ੍ਹ ਹਾਈਵੇ ’ਤੇ ਬਾਬਾ ਬੰਦਾ ਸਿੰਘ ਬਹਾਦਰ ਚੌਕ ’ਤੇ ਪੱਕਾ ਮੋਰਚਾ ਸ਼ੁਰੂ ਕੀਤਾ ਹੋਇਆ ਹੈ। ਇਸ ਦੌਰਾਨ ਸਰਕਾਰ ਦੇ ਇਸ਼ਾਰਿਆਂ ’ਤੇ ਪੁਲਿਸ ਪ੍ਰਸ਼ਾਸਨ ਪੂਰੇ ਪੰਜਾਬ ਵਿੱਚੋਂ ਟਾਵਰ ਮੋਰਚੇ ਤੇ ਆਉਣ ਵਾਲੇ ਖਾਸ ਕਰ ਕੇ ਬੀਕੇਯੂ ਸਿੱਧੂਪੁਰ ਦੇ ਆਗੂਆਂ ਤੇ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਇਸ ਦੇ ਰੋਸ ਵਜੋਂ ਹੀ ਪੰਜਾਬ ਦੇ ਟੋਲ ਪਲਾਜੇ ਫ੍ਰੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮੌਕੇ ਗੁਰਜੀਤ ਸਿੰਘ ਟਾਹਲੀਆਂ ਬਲਾਕ ਪ੍ਰਧਾਨ, ਗੁਰਮੇਲ ਸਿੰਘ ਬਲਾਕ ਮੀਤ ਪ੍ਰਧਾਨ ,ਦਰਸ਼ਨ ਸਿੰਘ ਝੰਡਾ ਕਲਾਂ ਬਲਾਕ ਜਰਨਲ ਸਕੱਤਰ ,ਗੁਰਬਾਜ਼ ਸਿੰਘ ਪੇਰੋ, ਜਗਸੀਰ ਸਿੰਘ ਨੰਗਲ ਕਲਾਂ, ਰਣਜੀਤ ਸਿੰਘ ਦੋਦੜਾ ,ਦਲਵੀਰ ਸਿੰਘ ਗੋਬਿੰਦਪੁਰਾ ਹਾਜ਼ਰ ਸਨ।