ਢਾਬੇ-ਹੋਟਲਾਂ ਵਾਲੇ ਗੈਸ ਸਿਲੰਡਰ ਦੇ ਬਦਲੇ ਤੰਦੂਰ ਨੂੰ ਦੇ ਰਹੇ ਤਰਜੀਹ
ਗੈਸ ਸਿਲੰਡਰਾ ਦੀ ਕਮੀ, ਢਾਬਿਆਂ-ਹੋਟਲਾਂ ’ਤੇ ਤੰਦੂਰ ਦੀ ਗਰਮੀ ਵਧੀ
Publish Date: Sat, 14 Mar 2026 06:32 PM (IST)
Updated Date: Sun, 15 Mar 2026 04:10 AM (IST)

ਸਿਲੰਡਰ ਨਾ ਮਿਲਣ ਕਾਰਨ ਤੰਦੂਰਾਂ ਦਾ ਲੈ ਰਹੇ ਸਹਾਰਾ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਵਿਚ ਹੋਟਲਾਂ, ਢਾਬਿਆਂ, ਰੈਸਟੋਰੈਂਟਾਂ ਤੇ ਰੇਹੜੀ-ਫੜੀਆਂ ’ਤੇ ਵਰਤੇ ਜਾਣ ਵਾਲੇ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਕੀਮਤ ਵਿਚ ਹੋਏ ਵਾਧੇ ਤੇ ਪਿਛਲੇ ਕੁਝ ਦਿਨਾਂ ਤੋਂ ਆ ਰਹੀ ਸਪਲਾਈ ਦੀ ਦਿੱਕਤ ਦਾ ਅਸਰ ਹੁਣ ਬਾਜ਼ਾਰ ਵਿਚ ਵੀ ਸਾਫ਼ ਦਿਖਾਈ ਦੇਣ ਲੱਗ ਪਿਆ ਹੈ। ਵਧਦੀ ਲਾਗਤ ਤੇ ਅਨਿਯਮਿਤ ਸਪਲਾਈ ਕਾਰਨ ਕਾਰੋਬਾਰੀਆਂ ਨੂੰ ਆਪਣੇ ਮੈਨਿਊ ਵਿਚ ਕਟੌਤੀ ਕਰਨੀ ਪਈ ਹੈ। ਹੁਣ ਉਹ ਸੀਮਤ ਖਾਣ-ਪੀਣ ਦੀਆਂ ਵਸਤਾਂ ਹੀ ਤਿਆਰ ਕਰ ਰਹੇ ਹਨ, ਜਿਸ ਨਾਲ ਗਾਹਕਾਂ ਨੂੰ ਵੀ ਘੱਟ ਵਿਕਲਪ ਮਿਲ ਰਹੇ ਹਨ। ਨਾਲ ਹੀ ਗੈਸ ਸਿਲੰਡਰ ਦੇ ਬਦਲੇ ਤੰਦੂਰ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਕਾਰੋਬਾਰੀਆਂ ਨੇ ਉਮੀਦ ਜਤਾਈ ਹੈ ਕਿ ਜਲਦੀ ਹੀ ਹਾਲਾਤ ਆਮ ਹੋ ਜਾਣਗੇ ਤਾਂ ਜੋ ਉਨ੍ਹਾਂ ਦੇ ਕਾਰੋਬਾਰ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ। ਸ਼ਹਿਰ ਦੇ ਬਾਜ਼ਾਰਾਂ ਵਿੱਚ ਕੁਝ ਖਾਣ-ਪੀਣ ਵਾਲੀਆਂ ਰੇਹੜੀਆਂ ਵੀ ਬੰਦ ਪਈਆਂ ਹਨ। ਸਥਾਨਕ ਕੋਲਾ ਪਾਰਕ ਮਾਰਕੀਟ ਦੇ ਸਾਹਮਣੇ ਸਥਿਤ ਖੁਰਾਣਾ ਢਾਬੇ ਦੇ ਸੰਚਾਲਕ ਗੌਰਵ ਖੁਰਾਣਾ ਨੇ ਦੱਸਿਆ ਕਿ ਕਮਰਸ਼ੀਅਲ ਗੈਸ ਸਿਲੰਡਰ ਦੀ ਸਪਲਾਈ ਕਾਫੀ ਮੁਸ਼ਕਲ ਹੋ ਗਈ ਹੈ। ਪਿਛਲੇ ਦਿਨਾਂ ਵਿੱਚ ਇਸ ਦੀ ਕੀਮਤ ਵੀ ਵਧੀ ਹੈ। ਢਾਬੇ ’ਤੇ ਗੈਸ ਸਿਲੰਡਰ ਦੀ ਰੋਜ਼ਾਨਾ ਖਪਤ ਕਾਫੀ ਹੁੰਦੀ ਹੈ, ਪਰ ਹੁਣ ਸਿਲੰਡਰ ਨਾ ਮਿਲਣ ਕਾਰਨ ਸੂਚੀ (ਮੈਨਿਊ) ਵਿੱਚ ਕਟੌਤੀ ਕਰਨੀ ਪਈ ਹੈ। ਪਹਿਲਾਂ ਜਿੱਥੇ ਮੈਨਿਊ ਵਿੱਚ ਦਰਜਨ ਤੋਂ ਵੱਧ ਸਬਜ਼ੀਆਂ ਹੁੰਦੀਆਂ ਸਨ, ਹੁਣ ਉਹ ਅੱਧੀਆਂ ਕਰ ਦਿੱਤੀਆਂ ਗਈਆਂ ਹਨ। ਹੁਣ ਤੰਦੂਰ ’ਤੇ ਜ਼ਿਆਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੱਕੜ ਦੀ ਲਾਗਤ ਵਧ ਗਈ ਹੈ। ਗੈਸ ਸਿਲੰਡਰ ’ਤੇ ਬਣੀ ਰੋਟੀ ਦੀ ਬਜਾਏ ਹੁਣ ਗਾਹਕਾਂ ਨੂੰ ਤੰਦੂਰੀ ਰੋਟੀ ਦਿੱਤੀ ਜਾ ਰਹੀ ਹੈ। ਕੀਮਤਾਂ ਵਿੱਚ ਵਾਧਾ ਨਹੀਂ ਕੀਤਾ ਗਿਆ, ਕਿਉਂਕਿ ਇਸ ਨਾਲ ਗਾਹਕ ਘੱਟ ਹੋ ਸਕਦੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸਿਲੰਡਰਾਂ ਦੀ ਸਪਲਾਈ ਆਸਾਨ ਬਣਾਈ ਜਾਵੇ ਤਾਂ ਜੋ ਕਾਰੋਬਾਰੀ ਪ੍ਰਭਾਵਿਤ ਨਾ ਹੋਣ। ਲੱਕੜ ਤੇ ਕੋਲੇ ਦੀਆਂ ਕੀਮਤਾਂ ਵਧਣ ਦੀ ਸੰਭਾਵਨਾ ਢਾਬਾ ਸੰਚਾਲਕ ਰਾਕੇਸ਼ ਕੁਮਾਰ ਅਤੇ ਮੁਹੰਮਦ ਸ਼ਫ਼ੀਕ ਨੇ ਕਿਹਾ ਕਿ ਗੈਸ ਸਿਲੰਡਰ ’ਤੇ ਨਿਰਭਰਤਾ ਘਟਾਉਣ ਲਈ ਤੰਦੂਰ ਦੀ ਵਰਤੋਂ ਵਧਾ ਦਿੱਤੀ ਗਈ ਹੈ। ਤੰਦੂਰ ਵਿੱਚ ਲੱਕੜ ਅਤੇ ਕੋਲੇ ਦੀ ਵਰਤੋਂ ਕਰਕੇ ਗੈਸ ਦੀ ਖਪਤ ਘਟਾਈ ਜਾ ਰਹੀ ਹੈ। ਹਾਲਾਂਕਿ, ਇਸ ਨਾਲ ਲੱਕੜ ਅਤੇ ਕੋਲੇ ਦੀ ਮੰਗ ਵਧ ਗਈ ਹੈ। ਬਾਜ਼ਾਰ ਵਿੱਚ ਇਨ੍ਹਾਂ ਇੰਧਨਾਂ ਦੀਆਂ ਕੀਮਤਾਂ ਵਿੱਚ ਵੀ ਹਲਕਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਜੇਕਰ ਇਹ ਹਾਲਾਤ ਜਾਰੀ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਲੱਕੜ ਅਤੇ ਕੋਲੇ ਦੇ ਭਾਅ ਹੋਰ ਵਧ ਸਕਦੇ ਹਨ, ਜਿਸ ਨਾਲ ਉਨ੍ਹਾਂ ਦੇ ਕੰਮਕਾਜ ’ਤੇ ਅਸਰ ਪਵੇਗਾ। ਲੱਕੜ ਦੀ ਮੰਗ ਵਧੀ ਪ੍ਰਤਾਪ ਨਗਰ ਵਿੱਚ ਲੱਕੜ ਦਾ ਕਾਰੋਬਾਰ ਕਰਨ ਵਾਲੇ ਗੁਰਜੀਤ ਕਾਕਾ ਨੇ ਦੱਸਿਆ ਕਿ ਪਿਛਲੇ ਤਿੰਨ-ਚਾਰ ਦਿਨਾਂ ਵਿੱਚ ਹੋਟਲਾਂ ਅਤੇ ਢਾਬਿਆਂ ਵੱਲੋਂ ਲੱਕੜ ਦੀ ਮੰਗ ਵੱਧ ਆ ਰਹੀ ਹੈ। ਪਿਛਲੇ ਹਫ਼ਤੇ ਦੇ ਮੁਕਾਬਲੇ ਮੰਗ ਵਿੱਚ ਲਗਭਗ 25–30 ਫ਼ੀਸਦੀ ਵਾਧਾ ਹੋਇਆ ਹੈ। ਹਾਲਾਂਕਿ ਅਜੇ ਲੱਕੜ ਦੀ ਕੀਮਤ ਨਹੀਂ ਵਧੀ, ਪਰ ਜੇ ਇਸੇ ਤਰ੍ਹਾਂ ਮੰਗ ਵਧਦੀ ਰਹੀ ਤਾਂ ਅੱਗੇ ਚੱਲ ਕੇ ਭਾਅ ਵਧ ਸਕਦੇ ਹਨ। ਉੱਥੇ ਹੀ ਹੋਰ ਲੱਕੜ ਵਿਕਰੇਤਾ ਭਗਵੰਤ ਸਿੰਘ ਦੁੱਗਾ ਨੇ ਕਿਹਾ ਕਿ ਲੱਕੜ ਦੇ ਰੇਟ ਵਿੱਚ ਦੋ ਰੁਪਏ ਪ੍ਰਤੀ ਕਿਲੋ ਦਾ ਇਜਾਫ਼ਾ ਹੋ ਗਿਆ ਹੈ। ਜੇਕਰ ਹਾਲਾਤ ਇਹੋ ਜਿਹੇ ਹੀ ਬਣੇ ਰਹੇ ਤਾਂ ਆਉਣ ਵਾਲੇ ਦਿਨਾਂ ਵਿੱਚ ਕੀਮਤ ਹੋਰ ਵੱਧ ਸਕਦੀ ਹੈ।