ਸਰਕਾਰ ਦੀ ਪਹਿਲ ਕਦਮੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਕੂਲਾਂ ’ਚ ਪੁੱਜੀਆਂ ਕਿਤਾਬਾਂ
ਸਰਕਾਰ ਦੀ ਪਹਿਲ ਕਦਮੀ ਸੈਸ਼ਨ ਸੁਰੂ ਹੋਣ ਤੋਂ ਪਹਿਲਾਂ ਹੀ ਸਕੂਲਾਂ ’ਚ ਪੁੱਜੀਆਂ ਕਿਤਾਬਾਂ
Publish Date: Tue, 10 Mar 2026 05:24 PM (IST)
Updated Date: Tue, 10 Mar 2026 05:27 PM (IST)

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਸਿੱਖਿਆ ਸੁਧਾਰਾਂ ਦੇ ਨਾਮ ਤੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਨਵੀਂ ਮਿਸ਼ਾਲ ਕਾਇਮ ਕਰਦਿਆਂ ਇਸ ਵਾਰ ਨਵਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਦਿਆਰਥੀਆਂ ਲਈ ਕਿਤਾਬਾਂ ਸਕੂਲਾਂ ’ਚ ਪੁੱਜਦੀਆਂ ਕਰ ਦਿੱਤੀਆਂ ਹਨ ਤਾਂ ਕਿ ਨਵੇਂ ਸੈਸ਼ਨ ਦੀ ਸੁਰੂਆਤ ਤੋਂ ਹੀ ਅਧਿਆਪਕ ਵਿਦਿਆਰਥੀਆਂ ਦੀ ਪੜ੍ਹਾਈ ਸ਼ੁਰੂ ਕਰਵਾ ਸਕਣ। ਪਿਛਲੇ ਸੈਸ਼ਨਾਂ ਵਿਚ ਕਿਤਾਬਾਂ ਦੀ ਹੁੰਦੀ ਲੇਟ ਲਤੀਫੀ ਦਾ ਦਾਗ ਧੋਂਦਿਆ ਸਿੱਖਿਆ ਵਿਭਾਗ ਵੱਲੋਂ ਇਸ ਵਾਰ ਅਗਾਊਂ ਪ੍ਰਬੰਧ ਕਰਦਿਆਂ ਕਿਤਾਬਾਂ ਸਕੂਲਾਂ ਤੱਕ ਪੁੱਜਦੀਆਂ ਕਰ ਦਿੱਤੀਆਂ ਹਨ ਤੇ ਰਹਿੰਦੇ ਸਕੂਲਾਂ ’ਚ 31 ਮਾਰਚ ਤੱਕ ਕਿਤਾਬਾਂ ਪਹੁੰਚਾਉਣ ਦਾ ਟੀਚਾ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮੁਫਤ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ਬਲਾਕ ਸਿੱਖਿਆ ਦਫਤਰਾਂ ਤੱਕ ਪਹੁੰਚ ਚੁੱਕੀਆਂ ਤੇ ਪ੍ਰਾਇਮਰੀ ਵਿੰਗ ਦੇ ਬਲਾਕ ਅਫਸਰ ਆਪੋ ਆਪਣੇ ਬਲਾਕ ਦੇ ਪ੍ਰਾਇਮਰੀ ਸਕੂਲਾਂ ’ਚ ਕਿਤਾਬਾਂ ਪਹੁੰਚਾਉਣ ਲੱਗੇ ਹੋਏ ਹਨ। ਜ਼ਿਲ੍ਹੇ ਭਰ ’ਚ 16 ਸਿੱਖਿਆ ਬਲਾਕਾਂ ਦੇ ਕੁੱਲ 939 ਸਰਕਾਰੀ ਪ੍ਰਾਇਮਰੀ ਸਕੂਲ ਹਨ, ਜਿਨ੍ਹਾਂ ’ਚ ਪੜ੍ਹਦੇ ਵਿਦਿਆਰਥੀਆਂ ਦੀ ਗਿਣਤੀ ਲਗਪਗ 80 ਹਜਾਰ ਹੈ। ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਵਿਦਿਆਰਥੀਆਂ ਲਈ ਕਿਤਾਬਾਂ ਪਹੁੰਚ ਚੁੱਕੀਆਂ ਹਨ। ਕਿਤਾਬਾਂ ਪੁੱਜਣ ’ਤੇ ਅਧਿਆਪਕਾਂ ਵੱਲੋਂ ਖੁਸ਼ੀ ਜਾਹਰ ਕਰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਸਮੇਂ ਤੋਂ ਪਹਿਲਾਂ ਕੀਤੇ ਪ੍ਰਬੰਧ ਪ੍ਰਸ਼ੰਸਾਯੋਗ ਹਨ ਕਿਉਂਕਿ ਇਸ ਤਰ੍ਹਾ ਕਰਨ ਨਾਲ ਬੱਚਿਆਂ ਦੀ ਪੜ੍ਹਾਈ ਲਈ ਸਾਰਗਾਰ ਮਾਹੌਲ ਬਣ ਸਕਦਾ ਹੈ। ਇਸੇ ਤਰ੍ਹਾਂ ਜ਼ਿਲ੍ਹੇ ਦੇ ਮਿਡਲ ਸਕੂਲਾਂ ’ਚ ਵੀ ਕਿਤਾਬਾਂ ਪਹੁੰਚਣੀਆਂ ਸੁਰੂ ਹੋ ਚੁੱਕੀਆਂ ਹਨ ਤੇ ਨਵੇਂ ਸੈਂਸ਼ਨ ਦੀ ਸੁਰੂਆਤ ਤੋਂ ਹੀ ਵਿਦਿਆਰਥੀਆਂ ਨੂੰ ਕਿਤਾਬਾਂ ਵੰਡਣ ਦੇ ਹੁਕਮ ਹਨ। - ਮਿਸ਼ਨ ਸਮਰੱਥ ਦੀ ਸਮੱਗਰੀ ਵੀ ਪੁੱਜੀ ਸੂਬੇ ਦੇ ਸਰਕਾਰੀ ਪ੍ਰਾਇਮਰੀ ਵਿੰਗ ਦੇ ਵਿਦਿਆਰਥੀਆਂ ਨੂੰ ਸੈਸ਼ਨ ਦੀ ਸੁਰੂਆਤ ’ਚ ਮਿਸ਼ਨ ਸਮਰੱਥ ਤਹਿਤ ਕਰਵਾਏ ਜਾਣ ਵਾਲੀ ਐਕਟੀਵੀਟੀ ਲਈ ਲੋੜੀਂਦੀ ਸਮੱਗਰੀ ਵੀ ਇਸ ਵਾਰ ਕਿਤਾਬਾਂ ਦੇ ਨਾਲ ਹੀ ਸਕੂਲਾਂ ’ਚ ਪਹੁੰਚ ਚੁੱਕੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ’ਚ ਸ਼ੁਰੂ ਕੀਤੇ ਮਿਸ਼ਨ ਸਮਰੱਥ ਤਹਿਤ ਪਹਿਲੇ ਦੋ ਮਹੀਨੇ ਵਿਦਿਆਰਥੀਆਂ ਨੂੰ ਵਿਸ਼ੇਸ ਕਿਤਾਬਾਂ ’ਤੇ ਐਕਟੀਵੀਟੀ ਕਰਵਾਈ ਜਾਂਦੀ ਹੈ ਪਰ ਪਿਛਲੇ ਸਾਲਾਂ ਦੌਰਾਨ ਮਿਸ਼ਨ ਸਮਰੱਥ ਦਾ ਮਟੀਰੀਅਲ ਲੇਟ ਆਉਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਿਤ ਹੁੰਦੀ ਰਹੀ ਸੀ ਤੇ ਚੱਲ ਰਹੇ ਸੈਸ਼ਨ ਦੌਰਾਨ ਵੀ ਮਿਸ਼ਨ ਸਮਰੱਥ ਦੋ ਹਮੀਨੇ ਲੇਟ ਤੱਕ ਚਲਾਇਆ ਗਿਆ ਸੀ। -ਪੰਜਾਬ ਸਰਕਾਰ ਦਾ ਉਪਰਾਲਾ ਸ਼ਲਾਘਾਯੋਗ : ਬੀਪੀਈਓ ਪ੍ਰਿਥੀ ਸਿੰਘ ਫੋਟੋ 10ਪੀਟੀਐਲ- 21 ਇਸ ਮੌਕੇ ਗੱਲਬਾਤ ਕਰਦਿਆਂ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪ੍ਰਿਥੀ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬਲਾਕ ’ਚ ਕਿਤਾਬਾ ਪਹੁੰਚ ਚੁੱਕੀਆ ਹਨ ਤੇ ਸਕੂਲਾ ਤੱਕ ਪੁੱਜਦੀਆ ਕਰ ਦਿੱਤੀਆ ਹਨ। ਉਨ੍ਹਾਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਦੇ ਸਕੂਲ ਲਗਾਤਾਰ ਮੱਲਾਂ ਮਾਰ ਰਹੇ ਹਨ। ਇਸ ਵਾਰ ਪੰਜਾਬ ਸਰਕਾਰ ਨੇ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਕੂਲਾਂ ਵਿੱਚ ਕਿਤਾਬਾਂ ਭੇਜ ਕੇ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਵਿਚੋਂ ਸਿੱਖਿਆ ਪ੍ਰਾਪਤ ਕਰ ਚੁੱਕੇ ਵਿਦਿਆਰਥੀ ਵਿਦਿਆਰਥੀ ਵੱਡੇ-ਵੱਡੇ ਵੱਕਾਰੀ ਅਹੁਦੇ ਪ੍ਰਾਪਤ ਕਰਕੇ ਸਰਕਾਰੀ ਸਕੂਲਾਂ ਦਾ ਮਾਣ ਵਧਾ ਰਹੇ ਹਨ। ਡੱਬੀ- 1 ਅਪ੍ਰੈਲ ਤੋਂ ਕਿਤਾਬਾਂ ਬੱਚਿਆਂ ਨੂੰ ਦਿੱਤੀਆ ਜਾਣਗੀਆਂ- ਡਿਪਟੀ ਡੀਈਓ ਫੋਟੋ 10ਪੀਟੀਐੱਲ- 23 ਇਸ ਸਬੰਧੀ ਗੱਲਬਾਤ ਕਰਦਿਆਂ ਉੱਪ ਜਿਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਮਨਵਿੰਦਰ ਕੌਰ ਭੁੱਲਰ ਨੇ ਦੱਸਿਆ ਕਿ ਜਿਲ੍ਹੇ ਦੇ ਸਾਰੇ ਪ੍ਰਾਇਮਰੀ ਤੇ ਮਿਡਲ ਸਕੂਲਾਂ ਤੱਕ ਕਿਤਾਬਾਂ ਪੁੱਜਦੀਆਂ ਕਰਨ ਲਈ ਬੀਪੀਈਓ ਨੋਡਲ ਅਫਸਰ ਹਨ, ਜਿਨ੍ਹਾਂ ਵੱਲੋਂ ਕਿਤਾਬਾਂ ਆਪਣੇ ਅਧੀਨ ਆਉਂਦੇ ਸਕੂਲਾਂ ਤੱਕ ਪਹੁੰਚਾਈਆ ਜਾ ਰਹੀਆਂ ਹਨ। ਡਿਪਟੀ ਡੀਈਓ ਨੇ ਦੱਸਿਆ ਕਿ 1 ਅਪ੍ਰੈਲ ਤੋਂ ਸੁਰੂ ਹੋ ਰਹੇ ਨਵੇਂ ਸੈਸ਼ਨ ਦੇ ਪਹਿਲੇ ਦਿਨ ਤੋਂ ਕਿਤਾਬਾਂ ਬੱਚਿਆਂ ਨੂੰ ਦੇ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਲਗਪਗ ਸਾਰੇ ਸਕੂਲਾਂ ’ਚ ਕਿਤਾਬਾ ਪਹੁੰਚ ਚੁੱਕੀਆਂ ਹਨ ਤੇ 31 ਮਾਰਚ ਤੱਕ ਸਾਰੇ ਸਕੂਲਾਂ ’ਚ ਕਿਤਾਬਾ ਹੋਣਗੀਆਂ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਅਜਿਹੇ ਉਪਰਾਲੇ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਸਮੇਂ ਸਿਰ ਸੁਰੂ ਹੋ ਸਕੇਗੀ ।