ਕਸਬੇ ਦੀ ਫਿਜ਼ਾ ’ਚ ਗੂੰਜੇ ‘ਬੰਮ ਬੰਮ ਭੋਲੇ ਦੇ ਜੈਕਾਰੇ’
ਕਸਬੇ ਦੀ ਫਿਜ਼ਾ ’ਚ ਗੁੰਜੇ ‘ਬੰਮ ਬੰਮ ਭੋਲੇ ਦੇ ਜੈਕਾਰੇ’
Publish Date: Sat, 14 Feb 2026 04:31 PM (IST)
Updated Date: Sat, 14 Feb 2026 04:33 PM (IST)

ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਬਹਾਦਰਗੜ੍ਹ : ਮਹਾਸ਼ਿਵਰਾਤਰੀ ਦੇ ਸ਼ੁੱਭ ਮੌਕੇ ’ਤੇ ਸ਼ਨਿਚਰਵਾਰ ਨੂੰ ਕਸਬਾ ਬਹਾਦਰਗੜ੍ਹ ’ਚ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ। ਇਹ ਸ਼ੋਭਾ ਯਾਤਰਾ ਮੁੱਖ ਪ੍ਰਬੰਧਕ ਕੈਲਾਸ਼ ਕੁਮਾਰ ਮਲਹੋਤਰਾ ਅਤੇ ਦਰਸ਼ਨ ਗਰਗ ਵੱਲੋਂ ਕੀਤੇ ਗਏ ਪ੍ਰਬੰਧਾਂ ਤਹਿਤ ਇਲਾਕੇ ਦੀਆਂ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਬਹਾਦਰਗੜ੍ਹ ਦੇ ਪੁਰਾਤਣ ਮੰਦਰ ਸ਼੍ਰੀ ਬਦਰੀ ਨਾਥ ਤੋਂ ਸਵੇਰੇ ਪ੍ਰੰਪਰਾਗਤ ਤਰੀਕੇ ਨਾਲ ਪੂਰੇ ਵਿਧੀ ਵਿਧਾਨ ਨਾਲ ਪਵਿੱਤਰ ਮੰਤਰਾਂ ਦੇ ਉਚਾਰਣ ਉਪਰੰਤ ਆਰੰਭ ਕੀਤੀ ਗਈ। ਇਸ ਮੌਕੇ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਧਰਮ ਪਤਨੀ ਬੀਬੀ ਸਿਮਰਨਜੀਤ ਕੌਰ ਪਠਾਣਮਾਜਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਵੱਡੀ ਗਿਣਤੀ ’ਚ ਇਲਾਕਾ ਵਾਸੀਆਂ ਨੇ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਸ਼ੋਭਾ ਯਾਤਰਾ ’ਚ ਸ਼ਮੂਲੀਅਤ ਕੀਤੀ। ਸ਼ੋਭਾ ਯਾਤਰਾ ਦੌਰਾਨ ਬੈਂਡ ਦੀਆਂ ਧੁਨਾਂ ਫਿਜ਼ਾ ’ਚ ਧਾਰਮਿਕ ਰੰਗ ਘੋਲ ਰਹੀਆਂ ਸਨ ਅਤੇ ਭਜਨ ਮੰਡਲੀਆਂ ਵੱਲੋਂ ਭਜਨ ਗਾ ਕੇ ਭਗਵਾਨ ਸ਼ਿਵ ਭੋਲੇ ਦਾ ਗੁਨਗਾਣ ਕੀਤਾ ਜਾ ਰਿਹਾ ਸੀ। ਸ਼ੋਭਾ ਯਾਤਰਾ ਦਾ ਰਸਤੇ ’ਚ ਇਲਾਕਾ ਵਾਸੀਆਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਲੰਗਰ ਲਾ ਕੇ ਸਵਾਗਤ ਕੀਤਾ ਗਿਆ, ਜਿਨ੍ਹਾਂ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਵੀ ਕੀਤਾ ਗਿਆ। ਇਹ ਸ਼ੋਭਾ ਯਾਤਰਾ ਕਸਬਾ ਬਹਾਦਰਗੜ੍ਹ ਦੇ ਸੀਲ ਰੋਡ ਬਾਜ਼ਾਰ, ਰਾਜਪੁਰਾ ਰੋਡ, 1 ਨੰਬਰ ਗਲੀ, ਹੀਰਾ ਕਾਲੋਨੀ ਅਤੇ ਹਰਗੋਬਿੰਦ ਕਾਲੋਨੀ ’ਚੋਂ ਹੁੰਦੀ ਹੋਈ ਵਾਪਸ ਮੰਦਰ ਸ਼੍ਰੀ ਬਦਰੀ ਨਾਥ ਵਿਖੇ ਹੀ ਸਮਾਪਤ ਕੀਤੀ ਗਈ। ਇਸ ਮੌਕੇ ਸੰਜੂ ਰਾਣਾ, ਨਵੀਨ ਬੱਬਲਾ, ਗੁਰਧਿਆਨ ਸਿੰਘ ਚੱਪੜ, ਸੁਨੀਲ ਬਾਵਾ ਅਤੇ ਵੱਡੀ ਗਿਣਤੀ ’ਚ ਇਲਾਕਾ ਵਾਸੀ ਹਾਜ਼ਰ ਸਨ।