ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਡੀਸੀ ਦਫਤਰ ਅੱਗੇ ਧਰਨਾ
ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਡੀਸੀ ਦਫਤਰ ਅੱਗੇ ਧਰਨਾ
Publish Date: Mon, 30 Mar 2026 05:23 PM (IST)
Updated Date: Tue, 31 Mar 2026 04:05 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਿਲ੍ਹਾ ਜਥੇਬੰਦੀ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਨਾ ਮਿਲਣ ਕਰ ਕੇ ਸਿੱਖ ਜਗਤ ਅੰਦਰ ਹਾਲੇ ਵੀ ਰੋਹ ਜਿਉਂ ਦਾ ਤਿਉਂ ਹੈ। ਸਮੇਂ-ਸਮੇਂ ਬਣੀਆਂ ਸਰਕਾਰਾਂ ਨੇ ਬੇਅਦਬੀ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਸੰਗਤ ਅੰਦਰ ਇਹ ਰੋਹ ਵੀ ਕਾਇਮ ਹੈ ਕਿ ਬਾਦਲ ਪਰਿਵਾਰ ਨੇ ਸਰਕਾਰ ਹੁੰਦਿਆਂ ਬੇਅਦਬੀ ਦੇ ਦੋਸ਼ੀਆਂ ਦੀ ਖੁੱਲੇ੍ਆਮ ਪੁਸ਼ਤਪਨਾਹੀ ਕੀਤੀ। ਉਨ੍ਹਾਂ ਦੋਸ਼ ਲਾਏ ਕਿ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਨੂੰ ਲਮਕਾਉਣ ਵਿਚ ਵੀ ਬਾਦਲ ਪਰਿਵਾਰ ਦੀ ਵੱਡੀ ਭੂਮਿਕਾ ਹੈ। ਉਨ੍ਹਾਂ ਸਰਕਾਰਾਂ ਨੂੰ ਸਿੱਖ ਵਿਚਾਰਧਾਰਾ ਦੀਆਂ ਵਿਰੋਧੀ ਦੱਸਦਿਆਂ ਕਿਹਾ ਕਿ ਸਿੱਖ ਵਿਰੋਧੀ ਸ਼ਕਤੀਆਂ ਪੂਰੀਆਂ ਸਰਗਰਮ ਹਨ। ਉਨ੍ਹਾਂ ਕਿਹਾ ਕਿ ਇਹ ਧਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਖ਼ਿਲਾਫ਼ ਸਖ਼ਤ ਸਜ਼ਾਵਾਂ ਦੇਣ ਵਾਲਾ ਕਾਨੂੰਨ ਬਣਾਉਣ ਤੇ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਤੁਰੰਤ ਕਰਵਾਉਣ ਦੀ ਮੰਗ ਨੂੰ ਲੈ ਕੇ ਸਮਾਣਾ ਟਾਵਰ ਮੋਰਚੇ ਦੀ ਹਮਾਇਤ ਵਿਚ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿਤਮ ਦੀ ਗੱਲ ਹੈ ਕਿ ਗੁਰੂਆਂ, ਫ਼ਕੀਰਾਂ ਤੇ ਯੋਧਿਆਂ ਦੀ ਧਰਤੀ ਨਸ਼ਿਆਂ ਦਾ ਕੇਂਦਰੀ ਸਥਾਨ ਬਣਦੀ ਜਾ ਰਹੀ ਹੈ। ਕਿਸਾਨ ਕਮਜ਼ੋਰ, ਮਜ਼ਦੂਰ ਲਾਚਾਰ ਤੇ ਨੌਜਵਾਨ ਬੇਰੁਜ਼ਗਾਰ ਹੋ ਰਿਹਾ ਹੈ। ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕੁੱਝ ਤਾਕਤਾਂ ਸਿੱਖੀ ਵਿਚਾਰਧਾਰਾ ਉੱਪਰ ਹਮਲੇ ਕਰ ਰਹੀਆਂ ਹਨ ਉਹਨਾਂ ਨੂੰ ਮਨ ਵਿੱਚੋਂ ਇਹ ਭੁਲੇਖਾ ਕੱਢ ਦੇਣਾ ਚਾਹੀਦਾ ਹੈ ਕਿ ਸਿਧਾਂਤਾਂ ਤੇ ਰਵਾਇਤਾਂ ਨੂੰ ਢਾਹ ਲਾਕੇ ਸਿਆਸਤ ਕਰ ਲੈਣਗੇ। ਜੋ ਵੀ ਅਕਾਲ ਤਖ਼ਤ ਨੂੰ ਪਿੱਠ ਦਿਖਾਏਗਾ ਉਸਨੂੰ ਕਲਗੀ ਨਹੀਂ ਲੱਗ ਸਕਦੀ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੀਆਂ ਕੀਤੀਆਂ ਬੱਜਰ ਗਲਤੀਆਂ ਕਾਰਨ ਸਿੱਖ ਕੌਮ ਇਸ ਮੋੜ ’ਤੇ ਆ ਖੜ੍ਹੀ ਹੈ। ਇਸ ਮੌਕੇ ਬਾਬੂ ਪ੍ਰਕਾਸ਼ ਚੰਦ ਗਰਗ, ਤੇਜਾ ਸਿੰਘ ਕਮਾਲਪੁਰ, ਸੁਖਵੰਤ ਸਿੰਘ ਸਰਾਓ, ਰਾਮਪਾਲ ਸਿੰਘ ਬਹਿਣੀਵਾਲ, ਰਿਪਦਮਨ ਸਿੰਘ ਢਿੱਲੋਂ, ਹਰਦੇਵ ਸਿੰਘ ਰੋਗਲਾ, ਮਲਕੀਤ ਸਿੰਘ ਚੰਗਾਲ, ਪ੍ਰਿਤਪਾਲ ਸਿੰਘ ਹਾਂਡਾ, ਭੁਪਿੰਦਰ ਸਿੰਘ ਮੋੜਾਂ, ਜੀਤ ਸਿੰਘ ਸਿੱਧੂ, ਪਾਲ ਸਿੰਘ ਗਹਿਲਾ, ਚਮਕੋਰ ਸਿੰਘ ਮੋਰਾਵਾਲੀ, ਬਲਦੇਵ ਸਿੰਘ ਭੰਮਾਬਦੀ, ਨਵਇੰਦਰਪ੍ਰੀਤ ਸਿੰਘ ਲੌਗੋਵਾਲ, ਜਗਜੀਤ ਸਿੰਘ ਕੋਹਲੀ, ਭਗਵੰਤ ਸਿੰਘ ਲੋਗੋਵਾਲ, ਮਾ. ਅਮਰਜੀਤ ਸਿੰਘ, ਗੁਰਚਰਨ ਸਿੰਘ ਚੰਨਾ, ਵਿੱਕੀ ਛਾਜਲੀ, ਰਣਧੀਰ ਸਿੰਘ ਸਮੂਰਾ, ਕਰਨ ਘੁਮਾਣ, ਸਤਗੁਰ ਸਿੰਘ ਨਮੋਲ, ਗਿਆਨ ਸਿੰਘ ਬਾਵਾ, ਚਮਕੋਰ ਸਿੰਘ ਬਾਦਲਗੜ੍ਹ, ਗੁਰਸੰਤ ਸਿੰਘ ਭੁਟਾਲ, ਗੁਰਜੀਤ ਸਿੰਘ ਚਾਂਗਲੀ, ਜਸਵੰਤ ਸਿੰਘ ਭੱਠਲ, ਮਹਿੰਦਰ ਸਿੰਘ ਅਕਬਰਪੁਰ, ਗੁਰਸੰਤ ਸਿੰਘ ਸੋਹੀਆ, ਰਾਜਾ ਖੇੜੀ, ਬਬਲੀ ਸਰਪੰਚ ਸੋਹੀਆ, ਸ਼ੇਰਾ ਬਲਵਾੜ, ਬੀਬੀ ਚਰਨਜੀਤ ਕੌਰ, ਪਾਲਾ ਭੰਮਾਬਦੀ, ਨਿਰਮਲ ਤੋਲਾਵਾਲ ਮੌਜੁਦ ਸਨ।