ਸ਼ੈਰੀ ਰਿਆੜ ਵੱਲੋਂ ਸੀਐੱਮ ਦੀ ਫੇਰੀ ’ਤੇ ਹਲਕੇ ਲਈ ਪੈਕੇਜ ਦੀ ਮੰਗ
ਸ਼ੈਰੀ ਰਿਆੜ ਵੱਲੋਂ ਮੁੱਖ ਮੰਤਰੀ ਦੀ ਸਨੌਰ ਫੇਰੀ ਤੇ ਹਲਕੇ ਲਈ ਵਿਸ਼ੇਸ਼ ਪੈਕੇਜ ਦੀ ਮੰਗ
Publish Date: Sat, 28 Mar 2026 05:48 PM (IST)
Updated Date: Sat, 28 Mar 2026 05:50 PM (IST)

ਰਵਿੰਦਰ ਸਿੰਘ ਪੰਜੇਟਾ, ਪੰਜਾਬੀ ਜਾਗਰਣ, ਸਨੌਰ : 30 ਮਾਰਚ ਨੂੰ ਵਿਧਾਨ ਸਭਾ ਹਲਕਾ ਸਨੌਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਰੈਲੀ ਨੂੰ ਸੰਬੋਧਨ ਕਰਨ ਪਹੁੰਚ ਰਹੇ ਹਨ। ਉੱਥੇ ਹੀ ਹਲਕਾ ਸਨੌਰ ਤੋਂ ਸੀਨੀਅਰ ਕਾਂਗਰਸ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਲਕੇ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਟਾਂਗਰੀ ਨਾਲ ਲੱਗਦੇ ਇਲਾਕੇ ਹੜ੍ਹ ਕਾਰਨ ਵੱਡੇ ਪੱਧਰ ’ਤੇ ਨੁਕਸਾਨੇ ਜਾਂਦੇ ਹਨ ਕਿਉਂਕਿ ਲੰਬੇ ਸਮੇਂ ਤੋਂ ਇਸ ਦੀ ਪੁਟਾਈ ਤੇ ਸਫ਼ਾਈ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਘੱਗਰ ਨਾਲ ਲੱਗਦੇ ਇਲਾਕਿਆਂ ਦਾ ਵੀ ਇਹੀ ਹਾਲ ਹੈ। ਸ਼ੈਰੀ ਰਿਆੜ ਨੇ ਇੰਡਸਟਰੀ ਨੂੰ ਉਤਸ਼ਾਹਿਤ ਕਰਨ ਲਈ ਫੋਕਲ ਪੁਆਇੰਟ ਨੂੰ ਸਸਤੀ ਬਿਜਲੀ, ਸਿੰਗਲ ਵਿੰਡੋ ਸਿਸਟਮ ਦੀ ਮੰਗ ਕੀਤੀ। ਉਨ੍ਹਾਂ ਰੈਲੀ ਤੋਂ 100 ਮੀਟਰ ਦੀ ਦੂਰੀ ’ਤੇ ਸਥਿਤ ਦੂਧਨਸਾਧਾਂ ਹਸਪਤਾਲ ਅਤੇ ਇਸੇ ਤਰ੍ਹਾਂ ਸਨੌਰ ਹਸਪਤਾਲ ਨੂੰ ਅਪਗ੍ਰੇਡ ਕਰਨ ਅਤੇ 24 ਘੰਟੇ ਐਮਰਜੈਂਸੀ ਸੇਵਾਵਾਂ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਹ ਹਲਕਾ ਸਿੱਖਿਆ ਖੇਤਰ ਵਿੱਚ ਬਹੁਤ ਪਿਛੜਿਆਂ ਹੋਇਆ ਹੈ। ਉਨ੍ਹਾਂ ਯੂਨੀਵਰਸਿਟੀ ਕਾਲਜ ਮੀਰਾਂਪੁਰ ਨੂੰ ਕੋਰਸਾਂ ਅਤੇ ਸਟਾਫ ਦੇ ਵਾਧੇ ਦੀ ਮੰਗ ਵੀ ਕੀਤੀ ਅਤੇ ਹਲਕੇ ਲਈ ਇੱਕ ਮੈਡੀਕਲ ਅਤੇ ਫਿਜੀਕਲ ਕਾਲਜ ਲਿਆਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਸ਼ੈਰੀ ਰਿਆੜ ਨੇ ਘੜਾਮ ਅਤੇ ਨੈਣਾ ਅਕੌਤ ਨੂੰ ਟੂਰਿਸਟ ਸਪਾਟ ਬਣਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਸੜਕਾਂ ਦਾ ਹਾਲ ਬਹੁਤ ਮਾੜਾ ਹੈ, ਇਸ ਵੱਲ ਵੀ ਵਿਸ਼ੇਸ਼ ਤੌਰ ’ਤੇ ਧਿਆਨ ਦਿੱਤਾ ਜਾਵੇ।