ਸਮੱਸਿਆਵਾਂ ਦਾ ਜਲਦ ਹੱਲ ਨਾ ਕਰਨ ’ਤੇ ਵਿੱਢਾਂਗੇ ਸੰਘਰਸ਼ : ਰਿਆੜ
ਫਾਇਲ ਨੰਬਰ 5 ਰਦ ਕਰਕੇ ਇਹ ਫਾਇਲ ਕੈਰੀ ਕੀਤੀ ਜਾਵੇ ਜੀ।
Publish Date: Mon, 23 Mar 2026 05:11 PM (IST)
Updated Date: Mon, 23 Mar 2026 05:13 PM (IST)

ਰਵਿੰਦਰ ਸਿੰਘ ਪੰਜੇਟਾ, ਪੰਜਾਬੀ ਜਾਗਰਣ, ਸਨੌਰ : ਹਲਕਾ ਸਨੌਰ ਵਿਚ ਕਾਂਗਰਸ ਦੇ ਸੀਨੀਅਰ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੀ ਮਾਨ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਵਿਚ ਆਮ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ, ਖਾਸ ਕਰਕੇ ਸਰਕਾਰੀ ਬੱਸ ਸੇਵਾ ਬਹੁਤ ਹੀ ਖਰਾਬ ਹਾਲਤ ਵਿਚ ਹੈ। ਸ਼ੈਰੀ ਰਿਆੜ ਨੇ ਦੱਸਿਆ ਕਿ ਸਨੌਰ ’ਚ ਰਾਠੀਆ, ਬੋਲੜ, ਅਸਰਪੁਰ, ਕਰਤਾਰਪੁਰ, ਬਰਕਤਪੁਰ, ਬਡਲਾ, ਸ਼ੰਕਰਪੁਰ, ਮੁਹੱਬਤਪੁਰ, ਤੇ ਹੋਰ ਕਈ ਪਿੰਡਾ ਤੋਂ ਵੱਖ-ਵੱਖ ਰੂਟਾਂ ਲਈ ਸਰਕਾਰੀ ਬੱਸਾਂ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਵਿਦਿਆਰਥੀਆਂ, ਮਜ਼ਦੂਰਾਂ ਅਤੇ ਆਮ ਯਾਤਰੀਆਂ ਨੂੰ ਦਿਨ-ਚੜ੍ਹਦੇ ਸਮੇਂ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪ੍ਰਾਈਵੇਟ ਵਾਹਨਾਂ ’ਤੇ ਨਿਰਭਰ ਹੋਣਾ ਪੈ ਰਿਹਾ ਹੈ, ਜੋਕਿ ਮਹਿੰਗੇ ਵੀ ਹਨ ਅਤੇ ਹਰ ਕਿਸੇ ਲਈ ਉਪਲੱਬਧ ਨਹੀਂ। ਉਨ੍ਹਾਂ ਨੇ ਸਨੌਰ ਬੱਸ ਸਟੈਂਡ ਦੀ ਮੰਦਹਾਲੀ ’ਤੇ ਵੀ ਗੰਭੀਰ ਚਿੰਤਾ ਜਤਾਈ। ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਵਿਚ ਬੇਤਰਤੀਬੀ ਨਾਲ ਰੇਹੜੀਆਂ ਖੜ੍ਹੀਆਂ ਹੋਈਆਂ ਹਨ ਅਤੇ ਰੇਹੜੀ ਵਾਲਿਆਂ ਤੋਂ 100 ਰੁਪਏ ਤੱਕ ਵਸੂਲੇ ਜਾਂਦੇ ਹਨ। ਉਨ੍ਹਾਂ ਸਵਾਲ ਉਠਾਇਆ ਕਿ ਇਹ ਪੈਸਾ ਕਿੱਥੇ ਜਾ ਰਿਹਾ ਹੈ, ਕਿਉਂਕਿ ਬੱਸ ਸਟੈਂਡ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਦਿਖਾਈ ਦੇ ਰਿਹਾ। ਸ਼ੈਰੀ ਰਿਆੜ ਨੇ ਇਹ ਵੀ ਕਿਹਾ ਕਿ ਬੱਸ ਸਟੈਂਡ ਦਾ ਲੈਂਟਰ ਟੁੱਟਿਆ ਹੋਇਆ ਹੈ, ਜੋ ਕਿ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਲਕਾ ਸਨੌਰ ਦੇ ਕਈ ਪਿੰਡਾਂ ਵਿਚ ਲੋਕਾਂ ਨੂੰ ਸਰਕਾਰੀ ਬੱਸ ਸਹੂਲਤ ਨਾ ਮਿਲਣ ਕਾਰਨ 3 ਕਿਲੋਮੀਟਰ ਤੱਕ ਪੈਦਲ ਤੁਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਨ ਵਿਦਿਆਰਥੀਆਂ, ਬਜ਼ੁਰਗਾਂ ਤੇ ਮਜ਼ਦੂਰਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਇਸ ਮਾਮਲੇ ’ਤੇ ਧਿਆਨ ਦੇਵੇ ਅਤੇ ਬੱਸ ਸਹੂਲਤਾਂ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਬੱਸ ਸਟੈਂਡ ਦੀ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਾ ਕੀਤਾ ਤਾਂ ਕਾਂਗਰਸ ਪਾਰਟੀ ਵੱਲੋਂ ਵੱਡਾ ਸੰਘਰਸ਼ ਕੀਤਾ ਜਾਵੇਗਾ। ਸ਼ੈਰੀ ਰਿਆੜ ਨੇ ਹਲਕਾ ਇੰਚਾਰਜ ਰਣਜੋਧ ਹਡਾਣਾ ’ਤੇ ਤੰਜ ਕਸਦੇ ਕਿਹਾ ਕਿ ਭਲਕੇ ਹਲਕਾ ਇੰਚਾਰਜ ਨੇ ਸਨੌਰ ’ਚ ਇਕ ਵਪਾਰੀ ਮੰਡਲ ਨਾਲ ਸਮੱਸਿਆਵਾਂ ਨੂੰ ਲੈ ਕੇ ਗੱਲਬਾਤ ਕੀਤੀ ਸੀ ਪ੍ਰੰਤੂ ਉਸਦੇ ਉਪਰ ਹੀ ਲੈਂਟਰ ਟੁਟਾ ਹੋਇਆ ਦਿਖਾਈ ਦਿੱਤਾ। ਜਿਸ ਨੂੰ ਲੈਕੇ ਸਨੌਰ ’ਚ 'ਆਪ' ਦੇ ਹਡਾਣਾ ਕਾਫੀ ਵਿਵਾਦਾਂ ’ਚ ਦੇਖਣ ਨੂੰ ਮਿਲੇ।