ਸਡ਼ਕਾਂ ਦੇ ਮੁੱਦੇ ਨੂੰ ਜਲਦ ਹੱਲ ਕਰੇ ਸਰਕਾਰ : ਰਿਆਡ਼
ਜੇਕਰ ਸਡ਼ਕਾਂ ਦੇ ਮੁੱਦੇ ਨੂੰ ਜਲਦ ਹੱਲ ਨਾ ਕੀਤਾ ਤਾਂ ਲੋਕ ਮਾਮਲੇ ਨੂੰ ਹੋਰ ਤੇਜ਼ੀ ਨਾਲ ਉਠਾਉਣ ਲਈ ਮਜਬੂਰ ਹੋਣਗੇ: ਰਿਆਡ਼
Publish Date: Thu, 12 Mar 2026 04:37 PM (IST)
Updated Date: Thu, 12 Mar 2026 04:39 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਹਲਕਾ ਸਨੌਰ ਤੋਂ ਸੀਨੀਅਰ ਕਾਂਗਰਸੀ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆਡ਼ ਨੇ ਹਲਕਾ ਸਨੌਰ ਦੀਆਂ ਖਰਾਬ ਸਡ਼ਕਾਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਲਕਾ ਸਨੌਰ ਦੇ ਕਈ ਪਿੰਡਾਂ ਤੇ ਮੁੱਖ ਮਾਰਗਾਂ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਹੈ, ਜਿਸ ਕਾਰਨ ਆਮ ਲੋਕਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਕਈ ਸਡ਼ਕਾਂ ਦੇ ਨੀਂਹ ਪੱਥਰ ਤਾਂ ਰੱਖੇ ਗਏ ਹਨ, ਪਰ ਅਜੇ ਤੱਕ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਸਿਰਫ ਨੀਂਹ ਪੱਥਰ ਰੱਖ ਕੇ ਅਤੇ ਵੱਡੇ-ਵੱਡੇ ਦਾਅਵੇ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ, ਜਦਕਿ ਹਕੀਕਤ ਇਹ ਹੈ ਕਿ ਸਡ਼ਕਾਂ ਦੀ ਮੁਰੰਮਤ ਜਾਂ ਨਵੀਂ ਤਾਮੀਰ ਦਾ ਕੰਮ ਸ਼ੁਰੂ ਹੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਨੌਰ ਹਲਕੇ ਦੇ ਕਈ ਇਲਾਕਿਆਂ ਵਿਚ ਸਡ਼ਕਾਂ ’ਤੇ ਵੱਡੇ-ਵੱਡੇ ਖੱਡੇ ਪੈ ਚੁੱਕੇ ਹਨ, ਜਿਸ ਕਾਰਨ ਹਾਦਸਿਆਂ ਦਾ ਖਤਰਾ ਵੀ ਵੱਧ ਗਿਆ ਹੈ। ਸ਼ੈਰੀ ਰਿਆਡ਼ ਨੇ ਕਿਹਾ ਕਿ ਲੋਕਾਂ ਨੇ ਜੋ ਵਿਕਾਸ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਸੀ, ਪਰ ਹੁਣ ਲੋਕਾਂ ਨੂੰ ਸਿਰਫ ਐਲਾਨ ਹੀ ਸੁਣਨ ਨੂੰ ਮਿਲ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਹਲਕਾ ਸਨੌਰ ਦੀਆਂ ਖਰਾਬ ਸਡ਼ਕਾਂ ਨੂੰ ਤੁਰੰਤ ਬਣਾਇਆ ਜਾਵੇ ਅਤੇ ਜਿਨ੍ਹਾਂ ਸਡ਼ਕਾਂ ਦੇ ਨੀਂਹ ਪੱਥਰ ਰੱਖੇ ਗਏ ਹਨ, ਉਨ੍ਹਾਂ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਪਿੰਡ ਹਰੀਗਡ਼੍ਹ ਤੋਂ ਪਟਿਆਲਾ-ਪਿਹੋਵਾ ਰੋਡ ਤੱਕ ਸਡ਼ਕ ਬਣਾਉਣ ਲਈ ਪੰਜ ਮਹੀਨੇ ਪਹਿਲਾਂ ਨੀਂਹ ਪੱਥਰ ਰੱਖਿਆ ਗਿਆ ਸੀ, ਪਰ ਅਜੇ ਤੱਕ ਇਸ ਸਡ਼ਕ ਦਾ ਨਿਰਮਾਣ ਕੰਮ ਸ਼ੁਰੂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਜੇਕਰ ਸਡ਼ਕਾਂ ਦੇ ਮੁੱਦੇ ਨੂੰ ਜਲਦ ਹੱਲ ਨਾ ਕੀਤਾ ਗਿਆ ਤਾਂ ਕਾਂਗਰਸ ਪਾਰਟੀ ਅਤੇ ਸਥਾਨਕ ਲੋਕ ਇਸ ਮਾਮਲੇ ਨੂੰ ਹੋਰ ਤੇਜ਼ੀ ਨਾਲ ਉਠਾਉਣ ਲਈ ਮਜਬੂਰ ਹੋਣਗੇ।