ਸਰਕਾਰੀ ਸਕੂਲ ਵੀ ਹੁਣ ਪ੍ਰਾਈਵੇਟਾਂ ਸਕੂਲਾਂ ਤੋਂ ਘੱਟ ਨਹੀਂ: ਗੁਰਪ੍ਰੀਤ ਕੌਰ
ਸ਼ੇਰਪੁਰ ਸਕੂਲ ਨੇ ਅੱਵਲ ਆਏ ਬੱਚੇ ਕੀਤੇ ਸਨਮਾਨਿਤ
Publish Date: Sat, 28 Mar 2026 04:37 PM (IST)
Updated Date: Sun, 29 Mar 2026 04:03 AM (IST)

ਸ਼ੇਰਪੁਰ ਸਕੂਲ ਨੇ ਅੱਵਲ ਆਏ ਬੱਚੇ ਕੀਤੇ ਸਨਮਾਨਿਤ ਸੱਤਪਾਲ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਵਿਖੇ ਦਾਖਲਾ ਮੁਹਿੰਮ ਅਤੇ ਨਤੀਜਾ ਸਮਾਰੋਹ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਆਏ ਮਾਪਿਆਂ ਨੂੰ ਸੰਬੋਧਨ ਕਰਦਿਆਂ ਸਿੱਖਿਆ ਸ਼ਾਸਤਰੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਮਾਪੇ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਉਣ, ਕਿਉਂਕਿ ਇੱਥੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ, ਆਧੁਨਿਕ ਸੁਵਿਧਾਵਾਂ ਅਤੇ ਵਧੀਆ ਮਾਹੌਲ ਪ੍ਰਦਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਅੱਜ ਕਿਸੇ ਵੀ ਪੱਖੋਂ ਨਿੱਜੀ ਸਕੂਲਾਂ ਤੋਂ ਘੱਟ ਨਹੀਂ ਹਨ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਲੈਕਚਰਾਰ ਮੈਥ ਨੇ ਸਕੂਲ ਦੀਆਂ ਵੱਖ-ਵੱਖ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਦੀ ਚੋਣ ਨੈਸ਼ਨਲ ਸਾਇੰਸ ਪ੍ਰਦਰਸ਼ਨੀ ਲਈ ਹੋਈ ਅਤੇ ਲਵਪ੍ਰੀਤ ਸਿੰਘ ਭੋਪਾਲ ਮੱਧ ਪ੍ਰਦੇਸ਼ ਵਿਖੇ ਹੋਈ ਪ੍ਰਦਰਸ਼ਨੀ ਵਿੱਚ ਭਾਗ ਲੈ ਕੇ ਆਏ। ਇਸ ਸਕੂਲ ਦੇ ਵਿਦਿਆਰਥੀ ਮਨਪ੍ਰੀਤ ਸਿੰਘ ਨੇ ਜੇਈ ਪ੍ਰੀਖਿਆ ਦੀ ਮੈਰਿਟ ਲਿਸਟ ਵਿੱਚ ਬਿਨਾ ਕਿਸੇ ਟਿਊਸ਼ਨ ਦੇ ਸਥਾਨ ਹਾਸਲ ਕੀਤਾ ਹੈ । ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਪੜ੍ਹਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਨਤੀਜਾ ਸਮਾਰੋਹ ਦੌਰਾਨ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਜਮਾਤ ਦੇ ਉਹ ਵਿਦਿਆਰਥੀ ਜਿਨ੍ਹਾਂ ਨੇ ਪਹਿਲੀ, ਦੂਜੀ ਅਤੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ, ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਪ੍ਰਬੰਧਕਾਂ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਇਨਾਮ ਅਤੇ ਸਨਮਾਨ ਪੱਤਰ ਦੇ ਕੇ ਹੌਸਲਾ ਅਫਜ਼ਾਈ ਕੀਤੀ ਗਈ।