ਸੰਭੂ ਬਾਰਡਰ ’ਤੇ ਟਰੱਕ ਡਰਾਈਵਰ ਤੋਂ 400 ਰੁਪਏ ਵਸੂਲੀ ਦਾ ਦਾਅਵਾ
ਸੰਭੂ ਬਾਰਡਰ ’ਤੇ ਟਰੱਕ ਡਰਾਈਵਰ ਤੋਂ 400 ਰੁਪਏ ਵਸੂਲੀ ਦਾ ਦਾਅਵਾ,
Publish Date: Sat, 03 Jan 2026 07:21 PM (IST)
Updated Date: Sat, 03 Jan 2026 07:23 PM (IST)

ਪਰਚੀ ਦੀ ਵੀਡੀਓ ਵਾਇਰਲ, ਐੱਸਐੱਚਓ ਵੱਲੋਂ ਇਨਕਾਰ ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਟਰੱਕ ਨੰਬਰ ਯੂਪੀ 12ਏਟੀ-0100 ਦੇ ਡਰਾਈਵਰ ਦੱਸ ਰਿਹਾ ਹੈ ਕਿ ਰਾਤ ਕਰੀਬ 12 ਵਜੇ ਜਦੋਂ ਉਹ ਸੰਭੂ ਬਾਰਡਰ ’ਤੇ ਪਹੁੰਚਿਆ ਤਾਂ ਉੱਥੇ ਮੌਜੂਦ ਪੁਲਿਸ ਕਰਮਚਾਰੀਆਂ ਵੱਲੋਂ ਉਸ ਨੂੰ ਰੋਕ ਲਿਆ ਗਿਆ ਅਤੇ 400 ਰੁਪਏ ਦੀ ਪਰਚੀ ਕੱਟ ਕੇ ਦਿੱਤੀ ਗਈ। ਪਰਚੀ ’ਤੇ ‘ਟ੍ਰੈਫਿਕ ਕੰਟਰੋਲ ਕੈਂਪ-ਇੰਪਲੀਮੈਂਟੇਸ਼ਨ ਆਫ ਪ੍ਰੋਵੀਜ਼ਨਜ਼ ਆਫ ਸੈਕਸ਼ਨ ਆਫ ਸੈਂਟਰਲ ਮੋਟਰ ਵ੍ਹੀਕਲ ਰੂਲਜ਼ 1989 ਅੰਡਰ ਸੈਕਸ਼ਨ 104 ਅਤੇ 109, 138(4)(ਸੀ)(ਏ) (ਫਿਟਮੈਂਟ ਆਫ ਰਿਫਲੈਕਟਰ)’ ਦਰਜ ਹੈ। ਇਸ ਪਰਚੀ ਦਾ ਸੀਰੀਅਲ ਨੰਬਰ 029 ਅਤੇ ਮਿਤੀ 25-12-2025 ਦਰਜ ਕੀਤੀ ਗਈ ਹੈ। ਇਸ ਸਬੰਧੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਜਦੋਂ ਇਸ ਮਾਮਲੇ ਬਾਰੇ ਥਾਣਾ ਸੰਭੂ ਦੇ ਐੱਸਐੱਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕੀਤਾ ਕਿ ਰਿਫਲੈਕਟਰ ਲਗਾਉਣ ਸਬੰਧੀ ਥਾਣਾ ਸੰਭੂ ਦੀ ਪੁਲਿਸ ਵੱਲੋਂ ਕਿਸੇ ਕਿਸਮ ਦੀ ਕੋਈ ਪਰਚੀ ਨਹੀਂ ਕੱਟੀ ਜਾਂਦੀ ਅਤੇ ਨਾ ਹੀ ਇਸ ਤਰ੍ਹਾਂ ਦੀ ਕਿਸੇ ਵਸੂਲੀ ਸਬੰਧੀ ਕੋਈ ਸ਼ਿਕਾਇਤ ਉਨ੍ਹਾਂ ਦੇ ਧਿਆਨ ਵਿੱਚ ਹੈ। ਐੱਸਐੱਚਓ ਨੇ ਕਿਹਾ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਜਬਰੀ ਵਸੂਲੀ ਜਾਂ ਗ਼ੈਰਕਾਨੂੰਨੀ ਕਾਰਵਾਈ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਮੁਲਜ਼ਮ ਖ਼ਿਲਾਫ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।