ਉਘੇ ਸਮਾਜ ਸੇਵਕ ਪਾਲ ਖਰੌੜ ਦਾ ਕੀਤਾ ਸਨਮਾਨ
ਉਘੇ ਸਮਾਜ ਸੇਵਕ ਪਾਲ ਖਰੌੜ ਦਾ ਕੀਤਾ ਸਨਮਾਨ
Publish Date: Mon, 12 Jan 2026 04:37 PM (IST)
Updated Date: Mon, 12 Jan 2026 04:39 PM (IST)

ਫੋਟੋ 12ਪੀਟੀਐਲ: 8 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਮੱਝਾਂ ਦਾ ਵਪਾਰ ਤੇ ਦੁੱਧ ਦਾ ਕਾਰੋਬਾਰ ਕਰਨ ਵਾਲੇ ਗੁੱਜਰਾਂ ਕੋਲ ਬਿਨ੍ਹਾਂ ਤਨਖਾਹ ਤੋਂ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਛੁਡਵਾ ਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਵਾਲੇ ਅਤੇ ਲੋੜਵੰਦਾਂ ਨੂੰ ਆਪਣੀ ਜ਼ਮੀਨ ’ਚ ਹੀ ਆਸ਼ਰਮ ਬਣਾ ਕੇ ਰੱਖਣ ਵਾਲੇ ‘ਆਪਣਾ ਫਰਜ਼ ਸੇਵਾ ਸੁਸਾਇਟੀ’ ਦੇ ਪ੍ਰਧਾਨ ਉਘੇ ਸਮਾਜ ਸੇਵਕ ਵੀਰ ਪਾਲ ਖਰੌੜ ਨੂੰ ਮਿਸ਼ਨ ਲਾਲੀ ਤੇ ਹਰਿਆਲੀ ਗਰੁੱਪ ਵੱਲੋਂ ਲੋਈ ਅਤੇ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਤਸਵੀਰ ਵਾਲਾ ਸਨਮਾਨ ਚਿੰਨ੍ਹ ਦੇ ਕੇ ਗਰੁੱਪ ਦੇ ਦਫਤਰ ਵਿਖੇ ਸਨਮਾਨਤ ਕੀਤਾ ਗਿਆ। ਇਹ ਸਨਮਾਨ ਜਥੇਦਾਰ ਕਰਨ ਸਿੰਘ ਜੌਲੀ, ਮਾਸਟਰ ਮੋਟੀਵੇਟਰ ਹਰਦੀਪ ਸਿੰਘ ਸਨੌਰ, ਗੋਲਡਨ ਸਟਾਰ ਬਲੱਡ ਡੋਨਰ ਸੁਖਦੀਪ ਸਿੰਘ ਸੋਹਲ, ਹਰਮਿੰਦਰ ਸਿੰਘ ਢੀਂਡਸਾ, ਸਾਬਕਾ ਥਾਣੇਦਾਰ ਸੁਰਿੰਦਰ ਸਿੰਘ, ਅਮਿਤ ਸ਼ਰਮਾ, ਪਰਮਿੰਦਰ ਸਿੰਘ ਚੱਪੜ ਤੇ ਸਾਥੀਆਂ ਨੇ ਸਾਂਝੇ ਤੌਰ ’ਤੇ ਕੀਤਾ। ਜ਼ਿਕਰਯੋਗ ਹੈ ਕਿ ਪਿਛਲੇ 6 ਸਾਲਾਂ ਤੋਂ ਵੀਰ ਪਾਲ ਖਰੌੜ ਵੱਲੋਂ ਮੱਝਾਂ ਦੇ ਵਪਾਰੀ ਅਤੇ ਦੁੱਧ ਦਾ ਕਾਰੋਬਾਰ ਕਰਨ ਵਾਲੇ ਗੁੱਜਰਾਂ ਕੋਲੋਂ ਪੀੜਿ੍ਹਤ ਵਿਅਕਤੀਆਂ ਨੂੰ ਛੁਡਵਾਉਣ ਦੀ ਸੇਵਾ ਕਰਨ ਦਾ ਬੀੜ੍ਹਾ ਚੁੱਕਿਆ ਸੀ, ਜੋ ਲਗਾਤਾਰ ਜਾਰੀ ਹੈ। ਚੁੰਗਲ ਵਿਚੋਂ ਛੁਡਵਾਏ ਗਏ ਵਿਅਕਤੀਆਂ ਵਿਚੋਂ ਕਾਫੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ ਅਤੇ ਇਨ੍ਹਾਂ ਵਿਚੋਂ ਜੋ ਦਿਮਾਗੀ ਤੌਰ ’ਤੇ ਆਪਣੀ ਯਾਦਾਸ਼ਤ ਗੁਆ ਚੁੱਕੇ ਸਨ, ਉਨ੍ਹਾਂ ਨੂੰ ਪਟਿਆਲਾ ਤੋਂ ਭਾਦਸੋਂ ਰੋਡ *ਤੇ ਸਥਿਤ ਪਿੰਡ ਲਚਕਾਣੀ ਵਿਖੇ ਬਣਾਏ ਆਸ਼ਰਮ ਵਿਚ ਰੱਖਿਆ ਜਾਂਦਾ ਹੈ। ਇੰਨਾ ਹੀ ਨਹੀਂ ਪਾਲ ਖਰੌੜ ਤੇ ਸਾਥੀਆਂ ਨੇ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਇਲਾਕਿਆਂ ਵਿਚੋਂ ਕਈ ਅਜਿਹੇ ਨੌਜਵਾਨ ਛੁਡਵਾਏ ਹਨ ਜਿਨ੍ਹਾਂ ਪਾਸੋਂ ਮਨੁੱਖਤਾਵਾਦੀ ਸਿਧਾਤਾਂ ਦੇ ਬਿਲਕੁੱਲ ਉਲਟ ਕਈ—ਕਈ ਸਾਲਾਂ ਤੋਂ ਬਿਨ੍ਹਾਂ ਤਨਖਾਹ ਦੇ ਕੰਮ ਕਰਵਾਇਆ ਜਾ ਰਿਹਾ ਸੀ। ਪਾਲ ਖਰੌੜ ਨੇ ਦੱਸਿਆ ਕਿ ਸੁਸਾਇਟੀ ਦੇ 6 ਸਾਲ ਪੂਰੇ ਹੋਣ ਤੇ 15 ਜਨਵਰੀ ਦਿਨ ਵੀਰਵਾਰ ਨੂੰ ਆਸ਼ਰਮ ਵਿਖੇ ਹੀ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿਚ ਗਰੁੱਪ ਵੱਲੋਂ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਹੈ। ਉਨ੍ਹਾਂ ਮਿਸ਼ਨਰੀ ਕਾਰਕੁੰਨਾਂ ਨੂੰ ਸਮਾਗਮ ਵਿਚ ਪਹੁੰਚਣ ਦਾ ਸੱਦਾ ਪੱਤਰ ਵੀ ਦਿੱਤਾ।