ਕਰੋੜਾਂ ਦੀ ਲਾਗਤ ਨਾਲ ਬਣੇ ਸੇਵਾ ਕੇਂਦਰ ਬਣ ਰਹੇ ਨੇ ਖੰਡਰ : ਝਿੰਜਰ
ਕਰੋੜਾਂ ਦੀ ਲਾਗਤ ਨਾਲ ਬਣੇ ਸੇਵਾ ਕੇਂਦਰ ਬਣ ਰਹੇ ਨੇ ਖੰਡਰ: ਝਿੰਜਰ
Publish Date: Fri, 16 Jan 2026 04:29 PM (IST)
Updated Date: Fri, 16 Jan 2026 04:30 PM (IST)

ਫੋਟੋ 16ਪੀਟੀਐਲ: 7 ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਬਲਾਕ ਘਨੌਰ ਅਧੀਨ ਪੈਂਦੇ ਹਰੀਮਾਜਰਾ, ਹਰਪਾਲਪੁਰ ਅਤੇ ਕਪੂਰੀ ਵਿਖੇ ਸਥਿਤ ਸੇਵਾ ਕੇਂਦਰਾਂ ਦਾ ਚਾਰਜ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਕੋਲ ਹੈ, ਜਦਕਿ ਜੰਡਮੰਘੋਲੀ, ਲੋਹਸਿੰਬਲੀ, ਸੰਧਾਰਸੀ, ਸੋਗਲਪੁਰ, ਸਲੇਮਪੁਰ ਸੇਖਾਂ, ਕਬੂਲਪੁਰ ਅਤੇ ਲੋਹਚਮਾ ਦੇ ਸੇਵਾ ਕੇਂਦਰ ਗ੍ਰਾਮ ਪੰਚਾਇਤਾਂ ਦੇ ਅਧੀਨ ਹਨ। ਦੁੱਖਦਾਈ ਗੱਲ ਇਹ ਹੈ ਕਿ ਇਹ ਸਾਰੇ ਸੇਵਾ ਕੇਂਦਰ ਲੰਮੇ ਸਮੇਂ ਤੋਂ ਬੰਦ ਪਏ ਹੋਏ ਹਨ, ਜਿਸ ਕਾਰਨ ਪਿੰਡਾਂ ਦੀ ਆਮ ਜਨਤਾ ਸਰਕਾਰੀ ਸੇਵਾਵਾਂ ਤੋਂ ਵੰਚਿਤ ਰਹਿ ਗਈ ਹੈ। ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਹਲਕਾ ਘਨੌਰ ਦੇ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀਆਂ ਸਰਕਾਰਾਂ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਅਤੇ ਤਤਕਾਲੀ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦੀ ਦੂਰਦਰਸ਼ੀ ਸੋਚ ਤਹਿਤ ਆਮ ਲੋਕਾਂ ਦੀ ਖੱਜਲ-ਖੁਆਰੀ ਘਟਾਉਣ ਲਈ ਪਿੰਡਾਂ ਵਿੱਚ ਕਰੋੜਾਂ ਰੁਪਏ ਦੀ ਲਾਗਤ ਨਾਲ ਸੇਵਾ ਕੇਂਦਰ ਸਥਾਪਤ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਦੇ ਸਮੇਂ ਲੋਕ ਆਪਣੇ ਘਰਾਂ ਦੇ ਨੇੜਲੇ ਸੇਵਾ ਕੇਂਦਰਾਂ ਤੋਂ ਜਨਮ ਸਰਟੀਫਿਕੇਟ, ਜਾਤੀ ਸਰਟੀਫਿਕੇਟ ਸਮੇਤ ਕਈ ਤਰ੍ਹਾਂ ਦੀਆਂ ਸਰਕਾਰੀ ਸੇਵਾਵਾਂ ਆਸਾਨੀ ਨਾਲ ਪ੍ਰਾਪਤ ਕਰਦੇ ਸਨ। ਪਰ ਸਰਕਾਰ ਬਦਲਣ ਉਪਰੰਤ ਕਾਂਗਰਸ ਦੀ ਕੈਪਟਨ ਸਰਕਾਰ ਨੇ ਇਹ ਸੇਵਾ ਕੇਂਦਰ ਬੰਦ ਕਰਕੇ ਆਮ ਲੋਕਾਂ ਤੋਂ ਇਹ ਮਹੱਤਵਪੂਰਨ ਸਹੂਲਤ ਖੋਹ ਲਈ। ਸਰਬਜੀਤ ਸਿੰਘ ਝਿੰਜਰ ਨੇ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਲੋਕਹਿਤੈਸੀ ਹੋਣ ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਵੀ ਇਨ੍ਹਾਂ ਸੇਵਾ ਕੇਂਦਰਾਂ ਦੀ ਕੋਈ ਸਾਰ ਨਹੀਂ ਲਈ। ਨਤੀਜੇ ਵਜੋਂ ਪੰਚਾਇਤਾਂ ਦੇ ਅਧੀਨ ਆਉਂਦੇ ਇਹ ਸੇਵਾ ਕੇਂਦਰ ਅੱਜ ਖੰਡਰਾਂ ਵਿੱਚ ਤਬਦੀਲ ਹੁੰਦੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾ ਕੇਂਦਰਾਂ ਵਿਚ ਲੱਗੇ ਮਹਿੰਗੇ ਏ.ਸੀ., ਜਰਨੇਟਰ, ਫਰਨੀਚਰ ਅਤੇ ਹੋਰ ਕੀਮਤੀ ਸਾਮਾਨ ਬਿਨਾਂ ਵਰਤੋਂ ਦੇ ਖ਼ਰਾਬ ਹੋ ਰਿਹਾ ਹੈ।