ਵਿਸ਼ਾਲ ਧਰਨੇ ਨੂੰ ਵੇਖਦਿਆਂ ਵਰੰਟ ਕਬਜ਼ੇ ਲੈਣ ਆਏ ਅਧਿਕਾਰੀ ਦੂਜੇ ਦਿਨ ਵੀ ਖਾਲੀ ਪਰਤੇ
ਵਿਸ਼ਾਲ ਧਰਨੇ ਨੂੰ ਵੇਖਦਿਆਂ ਵਰੰਟ ਕਬਜ਼ੇ ਲੈਣ ਆਏ ਅਧਿਕਾਰੀ ਦੂਜੇ ਦਿਨ ਵੀ ਖਾਲੀ ਪਰਤੇ
Publish Date: Tue, 10 Mar 2026 06:34 PM (IST)
Updated Date: Wed, 11 Mar 2026 04:10 AM (IST)

ਕਿਸਾਨ ਯੂਨੀਅਨ, ਸਿਆਸੀ ਲੀਡਰਾਂ ਅਤੇ ਸ਼ਹਿਰ ਨਿਵਾਸੀਆਂ ਨੇ ਕੀਤੀ ਸ਼ਮੂਲੀਅਤ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸ਼ਹਿਰ ਵਿਚ ਇਕ ਮਕਾਨ ਦੇ ਵਰੰਟ ਕਬਜ਼ੇ ਦੇ ਵਿਰੋਧ ਵਿਚ ਹਜ਼ਾਰਾਂ ਲੋਕਾਂ ਵੱਲੋਂ ਪੀੜਤ ਪਰਿਵਾਰ ਦਾ ਸਾਥ ਦਿੰਦਿਆਂ ਧਰਨਾ ਜਾਰੀ ਰੱਖਦਿਆਂ ਨਾਅਰੇਬਾਜ਼ੀ ਕੀਤੀ। ਇਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਲਹਿਰਾ ਪ੍ਰਧਾਨ ਸਰਬਜੀਤ ਸ਼ਰਮਾਂ, ਇਕਾਈ ਲੇਹਲ ਕਲਾਂ ਦੇ ਪ੍ਰਧਾਨ ਪ੍ਰੀਤਮ ਸਿੰਘ ਸਮੇਤ ਹੋਰਨਾਂ ਕਿਸਾਨਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਵਨ ਕੁਮਾਰ ਪੰਮੀ ਅਤੇ ਮੇਘਰਾਜ 50 ਸਾਲ ਤੋਂ ਇਸ ਘਰ ਚ ਰਹਿ ਰਹੇ ਤੇ ਇਹਨਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਕਾਨ ਦੀ ਰਜਿਸਟਰੀ ਵਗੈਰਾ ਹੋਈ ਹੋਈ ਹੈ, ਪ੍ਰੰਤੂ ਇੰਤਕਾਲ ਨਹੀਂ ਸੀ ਹੋਇਆ। ਇਸ ਸਮੇਂ ਦੌਰਾਨ ਘਰੇ ਸਿਲੰਡਰ ਫੱਟਣ ਕਾਰਨ ਅੱਗ ਲੱਗ ਗਈ ਸੀ ਜੋ ਸਾਰੇ ਸ਼ਹਿਰ ਨੂੰ ਪਤਾ ਹੈ ਜਿਸ ਵਿੱਚ ਇਨ੍ਹਾਂ ਦੇ ਪਰਿਵਾਰ ਦੇ ਜਖਮੀ ਹੋਣ ਤੋਂ ਇਲਾਵਾ ਘਰੇ ਪਿਆ ਰਿਕਾਰਡ, ਬਹੀਆਂ ਵੀ ਸੜ ਕੇ ਸੁਆਹ ਹੋ ਗਿਆ ਸੀ। ਜਿਸ ਕਾਰਨ ਇੰਤਕਾਲ ਦਰਜ ਹੋਣੋ ਰਹਿ ਗਿਆ । ਜਿਸ ਦਾ ਸਬੂਤ ਇਹ ਪੂਰੇ ਸ਼ਹਿਰ ਨਿਵਾਸੀ ਹਨ,ਪਰ ਦੂਜੀ ਧਿਰ ਧੱਕਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਘਰ, ਮਕਾਨ, ਦੁਕਾਨ ਅਤੇ ਜਮੀਨ ਦਾ ਵਰੰਟ ਕਬਜ਼ਾ ਨਹੀਂ ਹੋਣ ਦੇਵਾਂਗੇ। ਇਸ ਸਬੰਧੀ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਨੇ ਕਿਹਾ ਕਿ ਥਾਂ ਵੇਚਣ ਉਪਰੰਤ ਵੀ ਦੂਜੀ ਪਾਰਟੀ ਨੇ ਲਾਲਚ ਵੱਸ ਆ ਕੇ ਕੇਸ ਕਰ ਦਿੱਤਾ ਅਤੇ ਜਿੱਤਣ ਉਪਰੰਤ ਵਰੰਟ ਕਬਜ਼ਾ ਲੈਣ ਆਏ ਹਨ,ਜਿਸ ਨੂੰ ਮੂੰਹ ਤੋੜ ਜਵਾਬ ਦਿੱਤਾ ਗਿਆ ਅਤੇ ਅੱਗੇ ਤੋ ਵੀ ਇਹ ਵਰੰਟ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਸਪੁੱਤਰ ਗੌਰਵ ਗੋਇਲ, ਪੰਜਾਬ ਦੀ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੰਘ ਸਿੱਧੂ, ਕਾਂਗਰਸੀ ਆਗੂ ਸਨਮੀਕ ਹੈਨਰੀ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਚਰਨਜੀਤ ਸ਼ਰਮਾ, ਆੜਤੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ,ਆਪ ਆਗੂ ਅਜੇ ਕੁਮਾਰ ਠੋਲੀ, ਰਾਜ ਕੁਮਾਰ ਗਰਗ ਆੜਤੀ, ਗੁਰਲਾਲ ਸਿੰਘ ਐਮਸੀ, ਰਜੇਸ਼ ਕੁਮਾਰ ਗਰਗ ਭੋਲਾ ਕਾਂਗਰਸੀ ਆਗੂ, ਦੀਪਕ ਜੈਨ ਆਪ ਆਗੂ, ਪੁਰਸ਼ੋਤਮ ਗੋਇਲ ਸੁਰਿੰਦਰ ਘੀ ਖੰਡ ਵਾਲੇ, ਮਨਜੀਤ ਮੱਖਣ ਮੌਜੂਦ ਸਨ। ਖਬਰ ਲਿਖੇ ਜਾਣ ਤੱਕ ਧਰਨਾ ਧਰਨਾ ਜਾਰੀ ਸੀ। ਦੂਜੇ ਪਾਸੇ ਸੈਂਕੜਿਆਂ ਦੀ ਗਿਣਤੀ ਵਿੱਚ ਭਾਰੀ ਫੋਰਸ ਬਲ ਵੀ ਆਪਣੇ ਲਾਮ ਲਸ਼ਕਰ ਸਮੇਤ ਪਹੁੰਚ ਗਿਆ ਸੀ ਪ੍ਰੰਤੂ ਭਾਰੀ ਇਕੱਠ ਦੇਖਦਿਆਂ ਉਹਨਾਂ ਦੀ ਇੱਕ ਨਾ ਚੱਲੀ ਅਤੇ ਬਿਨਾਂ ਵਰੰਟ ਕਬਜ਼ਾ ਲਏ ਵਾਪਸ ਖਾਲੀ ਹੱਥ ਪਰਤਣਾ ਪਿਆ।