ਵਿੱਤ ਮੰਤਰੀ ਨੇ ਸ਼ੀਸ਼ ਮਹਿਲ ’ਚ ਕਰਵਾਈ ਕਰਾਫ਼ਟ ਮੇਲੇ ਦੀ ਸ਼ੁਰੂਆਤ
ਵਿੱਤ ਮੰਤਰੀ ਨੇ ਸ਼ੀਸ਼ ਮਹਿਲ 'ਚ ਕਰਵਾਈ ਕਰਾਫ਼ਟ ਮੇਲੇ ਦੀ ਸ਼ੁਰੂਆਤ
Publish Date: Sat, 21 Feb 2026 05:49 PM (IST)
Updated Date: Sat, 21 Feb 2026 05:51 PM (IST)

- ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲਾ-2026 - ਵਿਰਾਸਤੀ ਮੇਲਿਆਂ ਲਈ 70 ਕਰੋੜ ਦਾ ਬਜਟ : ਹਰਪਾਲ ਸਿੰਘ ਚੀਮਾ ਪਰਗਟ ਸਿੰਘ•, ਪੰਜਾਬੀ ਜਾਗਰਣ •ਪਟਿਆਲਾ : ਪਟਿਆਲਾ ਦੀ ਵਿਰਾਸਤੀ ਇਮਾਰਤ ਸ਼ੀਸ਼ ਮਹਿਲ ਵਿਖੇ 2 ਮਾਰਚ ਤਕ ਚੱਲਣ ਵਾਲੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦਾ ਉਦਘਾਟਨ ਸ਼ਨਿਚਰਵਾਰ ਨੂੰ ਪੰਜਾਬ ਦੇ ਵਿੱਤ ਤੇ ਯੋਜਨਾ ਅਤੇ ਕਰ ਤੇ ਆਬਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਰਿਬਨ ਕੱਟ ਕੇ ਕੀਤਾ। ਇਸ ਮੌਕੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੇ ਏਡੀਸੀ ਦਿਹਾਤੀ ਵਿਕਾਸ ਦਮਨਜੀਤ ਸਿੰਘ ਮਾਨ ਵੀ ਮੌਜੂਦ ਸਨ। ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਖੀ ਸ਼ਕਤੀ ਮੇਲਾ ਪਿੰਡ ਪੱਧਰੀ ਮਹਿਲਾ ਸਵੈ-ਸਹਾਇਤਾ ਸਮੂਹਾਂ (ਸੈਲਫ ਹੈਲਪ ਗਰੁੱਪਾਂ) ਅਤੇ ਮਹਿਲਾ ਉੱਦਮੀਆਂ ਨੂੰ ਸਰਕਾਰੀ ਪੱਧਰ ’ਤੇ ਮਜ਼ਬੂਤ ਮਾਰਕੀਟਿੰਗ ਪਲੇਟਫਾਰਮ ਮੁਹੱਈਆ ਕਰਵਾਉਣ ਦਾ ਅਹਿਮ ਉਪਰਾਲਾ ਹੈ। ਉਨ੍ਹਾਂ ਨੇ ਵੱਖ-ਵੱਖ ਸਟਾਲਾਂ ਦਾ ਦੌਰਾ ਕੀਤਾ ਅਤੇ ਦਸਤਕਾਰਾਂ ਦੀ ਹਿੰਮਤ, ਸਮਰਪਣ ਅਤੇ ਉੱਦਮੀ ਜਜ਼ਬੇ ਨੂੰ ਸਲਾਮ ਕੀਤਾ। ਇਸ ਦੌਰਾਨ ਹਰਪਾਲ ਸਿੰਘ ਚੀਮਾ ਨੇ ਸ਼ੀਸ਼ ਮਹਿਲ ਵਿਖੇ ਪੁਰਾਲੇਖ ਵਿਭਾਗ ਵੱਲੋਂ ਮਹਾਰਾਜਾ ਰਣਜੀਤ ਸਿੰਘ ਦਾ ਖ਼ਾਲਸਾ ਦਰਬਾਰ ਦੀਆਂ ਹੱਥ ਲਿਖਤਾਂ, ਮਹਾਰਾਜਾ ਦੁਲੀਪ ਸਿੰਘ ਵੱਲੋਂ ਲਿਖੇ ਪੱਤਰ, ਪੰਜਾਬ ਦਾ 1858 ਦਾ ਗ਼ਜ਼ਟ ਦੀ ਕਰੀਬ 20 ਸਾਲਾਂ ਬਾਅਦ ਲਗਾਈ ਗਈ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਵਿੱਤ ਮੰਤਰੀ ਨੇ ਇਸੇ ਦੌਰਾਨ ਪੰਜਾਬੀ ਯੂਨੀਵਰਸਿਟੀ ਵੱਲੋਂ ਵਿਦਿਆਰਥੀਆਂ ਵੱਲੋਂ ਬਣਾਈਆਂ ਰਵਾਇਤੀ ਵਸਤਾਂ ਦੀ ਪ੍ਰਦਰਸ਼ਨੀ ਸਮੇਤ ਪੰਜਾਬ ਡਿਜ਼ੀਟਲ ਲਾਇਬ੍ਰੇਰੀ ਦੀ 14ਵੀਂ 1710 ਤੋਂ 1849 ਤਕ ਦੇ ਸਿੱਖ ਰਾਜ ਦੇ ਇਤਿਹਾਸ ਨੂੰ ਦਰਸਾਉਂਦੀ ਦਿਲਚਸਪ ਪ੍ਰਦਰਸ਼ਨੀ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਵਿੱਤ ਮੰਤਰੀ ਨੇ ਦੱਸਿਆ ਕਿ ਮਾਨ ਸਰਕਾਰ ਨੇ ਨਸ਼ੇ, ਭ੍ਰਿਸ਼ਟਾਚਾਰ ਅਤੇ ਗੈਂਗਸਟਰ ਸੱਭਿਆਚਾਰ ਵਰਗੀਆਂ ਸਮੱਸਿਆਵਾਂ ਨੂੰ ਖ਼ਤਮ ਕਰਨ ਲਈ ਤਹੱਈਆ ਕੀਤਾ ਹੋਇਆ ਹੈ। ਉਨ੍ਹਾਂ ਇੱਕ ਸਵਾਲ ਦੇ ਜਵਾਬ ਚ ਕਿਹਾ ਕਿ ਬੰਦ ਪਈਆਂ ਵਿਰਾਸਤੀ ਇਮਾਰਤਾਂ ਨੂੰ ਮੁਰੰਮਤ ਕਰਕੇ ਮੁੜ ਖੋਲ੍ਹਣ ਲਈ ਸਾਡੀ ਸਰਕਾਰ ਵਚਨਬੱਧ ਹੈ। ਵਿੱਤ ਮੰਤਰੀ ਨੇ ਇਸ ਦੌਰਾਨ ਦੇਸ਼ ਭਰ ਤੋਂ ਪੁੱਜੇ ਸ਼ਿਲਪਕਾਰਾਂ ਸਮੇਤ ਥਾਈਲੈਂਡ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਸ਼ਿਲਪਕਾਰਾਂ ਦਾ ਵਿਸ਼ੇਸ਼ ਤੌਰ ਤੇ ਸਵਾਗਤ ਕੀਤਾ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਸ ਮੇਲੇ ਲਈ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ, ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਤੇ ਏ.ਡੀ.ਸੀ. ਦਮਨਜੀਤ ਸਿੰਘ ਮਾਨ ਵਧਾਈ ਦੇ ਪਾਤਰ ਹਨ। ਵੱਖ-ਵੱਖ ਸੂਬਿਆਂ ਦੇ ਲੋਕ ਨਾਚਾਂ ਤੇ ਲੋਕ ਕਲਾਵਾਂ ਦੇ ਕਲਾਕਾਰਾਂ ਨੇ ਆਪੋ-ਆਪਣੀਆਂ ਵੰਨਗੀਆਂ ਪੇਸ਼ ਕਰ ਕੇ ਖ਼ੂਬ ਧਮਾਲਾਂ ਪਾਈਆਂ। ਇਸ ਤੋਂ ਇਲਾਵਾ ਸ਼ਿਲਪਕਾਰਾਂ ਵੱਲੋਂ ਲਾਈਆਂ ਗਈਆਂ 150 ਤੋਂ ਵਧੇਰੇ ਸਟਾਲਾਂ ਤੇ ਦਸਤਕਾਰੀ ਵਸਤਾਂ ਦੀ ਦਰਸ਼ਕਾਂ ਅਤੇ ਖਰੀਦਦਾਰੀ ਦੇ ਸ਼ੌਕੀਨਾਂ ਨੇ ਪਹਿਲੇ ਦਿਨ ਖ਼ੂਬ ਖ਼ਰੀਦੋ-ਫ਼ਰੋਖ਼ਤ ਕੀਤੀ। ਜਦੋਂਕਿ ਵੱਖ-ਵੱਖ ਰਾਜਾਂ ਦੇ ਸਟਾਲਾਂ ਤੇ ਬਣੇ ਲਜ਼ੀਜ਼ ਪਕਵਾਨਾਂ ਦੀ ਮਹਿਕ ਨੇ ਖਾਣ ਪੀਣ ਦੇ ਸ਼ੌਕੀਨਾਂ ਨੂੰ ਆਪਣੇ ਵੱਲ ਖਿੱਚਿਆ। ਇਸ ਮੌਕੇ ਐੱਸਪੀ ਪਲਵਿੰਦਰ ਸਿੰਘ ਚੀਮਾ, ਐੱਸਡੀਐੱਮ ਰਾਜਪੁਰਾ ਨਮਨ ਮਾਰਕੰਨ, ਐੱਸਡੀਐੱਮ ਸਮਾਣਾ ਰਿਚਾ ਗੋਇਲ, ਮੁੱਖ ਮੰਤਰੀ ਫੀਲਡ ਅਫ਼ਸਰ ਸਤੀਸ਼ ਚੰਦਰ, ਰੀਨਾ ਰਾਣੀ, ਸੀਡੀਪੀਓ ਸ਼ਾਇਨਾ ਕਪੂਰ, ਐੱਨਜੈੱਡਸੀਸੀ ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ, ਪ੍ਰੋਗਰਾਮ ਅਫ਼ਸਰ ਭੁਪਿੰਦਰ ਸਿੰਘ ਸੋਫ਼ਤ, ਮੰਚ ਸੰਚਾਲਕ ਸੁਮਨ ਬੱਤਰਾ ਤੇ ਹੋਰ ਅਧਿਕਾਰੀ ਮੌਜੂਦ ਸਨ। - ਮੇਲਿਆਂ ਲਈ ਬਜਟ 5 ਕਰੋੜ ਤੋਂ ਵਧਾ ਕੇ 70 ਕਰੋੜ ਕੀਤਾ : ਚੀਮਾ ਇਸ ਮੌਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀ ਅਮੀਰ ਵਿਰਾਸਤ ਤੇ ਸੱਭਿਆਚਾਰ ’ਤੇ ਪਿੰਡ ਪੱਧਰੀ ਉੱਦਮਿਤਾ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਸੀ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜਿਹੇ ਮੇਲਿਆਂ ਲਈ ਬਜਟ 5 ਕਰੋੜ ਤੋਂ ਵਧਾ ਕੇ 70 ਕਰੋੜ ਰੁਪਏ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਪੰਜਾਬ ਨੂੰ ਅਸਲੀ ਅਰਥਾਂ ਵਿੱਚ ਰੰਗਲਾ ਪੰਜਾਬ ਬਣਾਉਣ ਵੱਲ ਇਕ ਸਾਰਥਕ ਕਦਮ ਹੈ।