ਐੱਸਡੀਐੱਮ ਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪਿਆ ਮੰਗ ਪੱਤਰ
ਐਸਡੀਐਮ ਰਾਜਪੁਰਾ ਅਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੌਂਪਿਆ ਮੰਗ ਪੱਤਰ
Publish Date: Fri, 20 Mar 2026 04:42 PM (IST)
Updated Date: Fri, 20 Mar 2026 04:46 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਵਿਖੇ ਇੰਡੀਅਨ ਫਾਰਮਰਜ ਐਸੋਸੀਏਸ਼ਨ ਬਹਿਰੂ ਵਲੋਂ ਰਣਜੀਤ ਸਿੰਘ ਆਕੜ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿਛਲੇ ਕਈ ਦਿਨਾਂ ਤੋਂ ਐਲਪੀਜੀ ਗੈਸ ਦੀ ਹੋ ਰਹੀ ਬਲੈਕ ਕਾਰਨ ਖਪਤਕਾਰਾਂ ਨੂੰ ਆ ਰਹੀ ਸਮੱਸਿਆ ਦੇ ਚਲਦਿਆਂ ਐਸਡੀਐਮ ਰਾਜਪੁਰਾ ਤੇ ਫੂਡ ਸਪਲਾਈ ਵਿਭਾਗ ਰਾਜਪੁਰਾ ਦੇ ਅਧਿਕਾਰੀਆਂ ਮੰਗ ਪੱਤਰ ਸੌਂਪ ਕੇ ਤੁਰੰਤ ਘਰੇਲੂ ਗੈਸ ਸਪਲਾਈ ਦੀ ਕਾਲਾ ਬਜਾਰੀ ਰੋਕਣ ਦੇ ਲਈ ਮੰਗ ਪੱਤਰ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਇੰਡੀਅਨ ਫਾਰਮਰਜ ਐਸੋਸੀਏਸ਼ਨ ਬਹਿਰੂ ਦੇ ਆਗੂ ਗੁਰਵਿੰਦਰ ਸਿੰਘ ਨੀਲਪੁਰ ਅਤੇ ਗੋਬਿੰਦਰ ਸਿੰਘ ਆਕੜ ਨੇ ਦੱਸਿਆ ਕਿ ਰਾਜਪੁਰਾ ਸ਼ਹਿਰ ਅੰਦਰ ਭਾਰਤ ਗੈਸ ਅਤੇ ਇੰਡੇਨ ਗੈਸ ਦੀਆਂ ਏਜੰਸੀਆਂ ਦੇ ਬਾਹਰ ਜਦੋਂ ਦੌਰਾ ਕੀਤਾ ਗਿਆ ਮੌਕੇ ਉੱਤੇ ਮੌਜੂਦ ਲਾਈਨਾਂ ਬਣਾ ਕੇ ਖੜੇ ਖਪਤਕਾਰਾਂ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਘਰੇਲੂ ਗੈਸ ਸਲੰਡਰ ਦੀ ਬੁਕਿੰਗ ਦੇ ਆਧਾਰ ਉੱਤੇ ਘਰਾਂ ’ਚ ਸਿਲੰਡਰਾਂ ਦੀ ਸਪਲਾਈ ਨਾ ਆਉਣ ਕਰਕੇ ਏਜੰਸੀਆਂ ਦੇ ਚੱਕਰ ਕੱਟ ਰਹੇ ਹਨ। ਜਦੋਂ ਏਜੰਸੀ ਦੇ ਕੋਲ ਆਪਣੀ ਗੈਸ ਸਲੰਡਰ ਦੀ ਸਪਲਾਈ ਸਬੰਧੀ ਪੁੱਛਿਆ ਜਾਂਦਾ ਹੈ ਤਾਂ ਏਜੰਸੀ ਦੇ ਕਰਮਚਾਰੀਆਂ ਵੱਲੋਂ ਉਨ੍ਹਾਂ ਦੇ ਸਿਲੰਡਰਾਂ ਦੀ ਸਪਲਾਈ ਪੂਰੀ ਹੋਣ ਸਬੰਧੀ ਆਖ ਕੇ ਵਾਪਸ ਭੇਜ ਦਿੱਤਾ ਜਾਂਦਾ ਹੈ। ਜਦ ਕਿ ਦੇਖਿਆ ਗਿਆ ਕਿ ਉਕਤ ਦੋਵੇਂ ਗੈਸ ਏਜੰਸੀਆਂ ਵੱਲੋਂ ਅਸਲੀ ਖਪਤਕਾਰਾਂ ਨੂੰ ਘਰੇਲੂ ਗੈਸ ਦੀ ਸਪਲਾਈ ਨਾ ਦੇ ਕੇ ਵੱਡੇ ਪੱਧਰ ਉੱਤੇ ਗੈਸ ਸਿਲੰਡਰਾਂ ਦੀ ਕਾਲਾ ਬਾਜ਼ਾਰੀ ਕੀਤੀ ਜਾ ਰਹੀ ਹੈ। ਇਸ ਕਾਲਾ ਬਜਾਰੀ ਦੇ ਕਾਰਨ ਖਪਤਕਾਰਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਆਗੂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਅਧਿਕਾਰੀਆਂ ਵੱਲੋਂ ਘਰੇਲੂ ਗੈਸ ਸਿਲੰਡਰਾਂ ਦੀ ਕਾਲਾ ਬਾਜ਼ਾਰੀ ਨਾ ਰੋਕੀ ਤਾਂ ਉਹਨਾਂ ਨੂੰ ਮਜਬੂਰਨ ਕੋਈ ਹੋਰ ਬਦਲਵਾਂ ਐਕਸ਼ਨ ਲੈਣਾ ਪਵੇਗਾ। ਜਿਸ ਦੇ ਚਲਦਿਆਂ ਕਿਸਾਨ ਆਗੂ ਗੁਰਵਿੰਦਰ ਸਿੰਘ ਨੀਲਪੁਰ, ਗੋਬਿੰਦਰ ਸਿੰਘ ਆਕੜ, ਹਰਬੰਸ ਸਿੰਘ ਨੰਬਰਦਾਰ ਖਲਾਸਪੁਰ, ਬਲਦੇਵ ਸਿੰਘ ਪਿੰਡ ਪੱਬਰੀ, ਮਨੋਹਰ ਲਾਲ ਗੱਜੂ ਖੇੜਾ ਸਮੇਤ ਹੋਰਨਾਂ ਵੱਲੋਂ ਇੱਕ ਵਫਦ ਦੇ ਰੂਪ ਵਿਚ ਐੱਸਡੀਐੱਮ ਰਾਜਪੁਰਾ ਨਮਨ ਮਾਰਕਨ ਅਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪ ਕੇ ਤੁਰੰਤ ਬਾਜ਼ਾਰ ’ਚ ਘਰੇਲੂ ਗੈਸ ਸਪਲਾਈ ਦੀ ਕਾਲਾ ਬਾਜ਼ਾਰੀ ਨੂੰ ਰੋਕਣ ਦੀ ਮੰਗ ਕੀਤੀ ਹੈ। ਇਸ ਮੌਕੇ ਅਧਿਕਾਰੀਆਂ ਨੇ ਕਿਸਾਨ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਜਲਦ ਇਸ ਮੰਗ ਸਬੰਧੀ ਕਾਰਵਾਈ ਕੀਤੀ ਜਾਵੇਗੀ। ਜੇਕਰ ਇਸ ਦੌਰਾਨ ਕੋਈ ਵੀ ਗੈਸ ਏਜੰਸੀ ਦਾ ਮਾਲਕ ਗੈਸ ਸਿਲੰਡਰਾਂ ਦੀ ਕਾਲਾ ਪੁਜਾਰੀ ਕਰਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।