ਐੱਸਡੀਐੱਮ ਨੇ ਗੈਸ ਏਜੰਸੀ ’ਤੇ ਮਾਰਿਆ ਛਾਪਾ, ਤਸੱਲੀ ਪ੍ਰਗਟਾਈ
ਐਸਡੀਐਮ ਨੇ ਗੈਸ ਏਜੰਸੀ ਤੇ ਮਾਰਿਆ ਛਾਪਾ, ਤਸੱਲੀ ਪ੍ਰਗਟਾਈ
Publish Date: Tue, 17 Mar 2026 03:55 PM (IST)
Updated Date: Wed, 18 Mar 2026 04:02 AM (IST)

ਲੋੜੋਂ ਵੱਧ ਸਟਾਕ ਕਰਨ ’ਤੇ ਹੋਵੇਗੀ ਕਾਰਵਾਈ : ਐੱਸਡੀਐੱਮ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸ਼ਹਿਰ ਦੀ ਵੀਰ ਇੰਡੇਨ ਗੈਸ ਏਜੰਸੀ ਉੱਤੇ ਲੱਗੀਆਂ ਲਾਈਨਾਂ ਨੂੰ ਭਾਂਪਦਿਆਂ ਐੱਸਡੀਐੱਮ ਲਹਿਰਾ ਰਾਕੇਸ਼ ਪ੍ਰਕਾਸ਼ ਗਰਗ ਨੇ ਅਚਨਚੇਤ ਛਾਪਾ ਮਾਰਿਆ ਤੇ ਏਜੰਸੀ ਦੇ ਸਟਾਕ ਆਦਿ ਦੀ ਬਰੀਕੀ ਨਾਲ ਚੈਕਿੰਗ ਕੀਤੀ। ਉਨ੍ਹਾਂ ਕਿਹਾ ਕਿ ਏਜੰਸੀ ਦੀ ਸਪਲਾਈ ਤਸੱਲੀ ਬਖਸ਼ ਹੈ, ਸਪਲਾਈ ਦੀ ਕੋਈ ਸਮੱਸਿਆ ਨਹੀਂ, ਲੋਕ ਵਾਧੂ ਸਟਾਕ ਨਾ ਕਰਨ। ਉਨ੍ਹਾਂ ਕਿਹਾ ਕਿ ਗੈਸ ਦੀ ਸਪਲਾਈ ਪਹਿਲਾਂ ਦੀ ਤਰ੍ਹਾਂ ਆਮ ਵਾਂਗ ਆ ਰਹੀ ਹੈ। ਪ੍ਰੰਤੂ ਉਨ੍ਹਾਂ ਫਿਰ ਵੀ ਗੈਸ ਏਜੰਸੀ ਦੇ ਮਾਲਕਾਂ ਨੂੰ ਹਦਾਇਤ ਕੀਤੀ, ਕਿ ਸਪਲਾਈ ਆਮ ਵਾਂਗ ਤੇ ਕੰਟਰੋਲ ਹੇਠ ਜਾਰੀ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਕੁਝ ਲੋਕ ਲੋੜ ਤੋਂ ਵੱਧ ਗੈਸ ਸਿਲੰਡਰ, ਪੈਟਰੋਲ ਤੇ ਡੀਜ਼ਲ ਭਰਵਾ ਕੇ ਰੱਖ ਰਹੇ ਹਨ, ਜੋ ਕਿ ਕਾਨੂੰਨ ਮੁਤਾਬਿਕ ਗਲਤ ਹੈ, ਕਿਉਂਕਿ ਸਪਲਾਈ ਦੀ ਦਿੱਕਤ ਉਦੋਂ ਹੀ ਆਉਂਦੀ ਹੈ ਜਦੋਂ ਆਪਾਂ ਇਨ੍ਹਾਂ ਦਾ ਸਟਾਕ ਕਰਨ ਲੱਗ ਪੈਂਦੇ ਹਾਂ। ਜੇਕਰ ਲੋੜ ਅਨੁਸਾਰ ਗੈਸ, ਪੈਟਰੋਲ ਤੇ ਡੀਜ਼ਲ ਭਰਵਾਇਆ ਜਾਵੇ ਤਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਸਕਦੀ। ਉਨ੍ਹਾਂ ਪਬਲਿਕ ਨੂੰ ਹਦਾਇਤ ਦਿੱਤੀ ਕਿ ਪੈਟਰੋਲੀਅਮ ਵਸਤਾਂ ਸਮੇਤ ਗੈਸ ਸਿਲੰਡਰ ਸਟੋਰ ਕਰਨ ਜਾਂ ਬਲੈਕ ਵੇਚਣ ਵਾਲਿਆਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਸਮੇਂ ਵੀਰ ਗੈਸ ਏਜੰਸੀ ਦੇ ਮਾਲਕ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨਹੀਂ ਆਉਣ ਦਿੱਤੀ ਜਾਵੇਗੀ, ਸਪਲਾਈ ਆਮ ਦੀ ਤਰ੍ਹਾਂ ਦਿੱਤੀ ਜਾ ਰਹੀ ਹੈ। ਪ੍ਰੰਤੂ ਜੋ ਖਪਤਕਾਰ ਪਹਿਲਾਂ ਛੇ ਮਹੀਨੇ ਬਾਅਦ ਸਿਲੰਡਰ ਲੈਂਦਾ ਸੀ ਹੁਣ ਕਈ ਕਾਪੀਆਂ ਲੈ ਕੇ ਬੁਕਿੰਗ ਕਰਾ ਰਿਹਾ ਹੈ ਤੇ ਤੀਜੇ ਦਿਨ ਹੀ ਸਿਲੰਡਰ ਮੰਗ ਰਿਹਾ ਹੈ। ਜਦੋਂ ਕਿ ਸਿਲੰਡਰ 25 ਦਿਨਾਂ ਬਾਅਦ ਸ਼ਹਿਰਾਂ ਦਾ ਤੇ 45 ਦਿਨਾਂ ਬਾਅਦ ਦਿਹਾਤੀ ਖੇਤਰਾਂ ਦਾ ਬੁੱਕ ਹੁੰਦਾ ਹੈ।