ਐੱਸਡੀਐੱਮ ਸੋਮਲ ਨੇ ਨਗਰ ਕੌਂਸਲ ਪ੍ਰਸ਼ਾਸਨ ਦਾ ਚਾਰਜ ਸੰਭਾਲਿਆ
ਐਸਡੀਐਮ ਨਾਭਾ ਅਰਵਿੰਦਰ ਪਾਲ ਸਿੰਘ ਸੋਮਲ ਨੇ ਨਗਰ ਕੌਂਸਲ ਪ੍ਰਸ਼ਾਸਨ ਦਾ ਚਾਰਜ ਸੰਭਾਲਿਆ
Publish Date: Fri, 10 Apr 2026 04:42 PM (IST)
Updated Date: Fri, 10 Apr 2026 04:44 PM (IST)

ਅਮਨਦੀਪ ਸਿੰਘ ਲਵਲੀ, ਪੰਜਾਬੀ ਜਾਗਰਣ, ਨਾਭਾ :ਪੰਜਾਬ ਸਰਕਾਰ ਵੱਲੋਂ ਨਗਰ ਨਿਗਮ ਤੇ ਨਗਰ ਕੌਂਸਲਾਂ ਦੇ ਭੰਗ ਹੋਣ ਦੇ ਨੋਟੀਫਿਕੇਸ਼ਨ ਜਾਰੀ ਬਾਅਦ ਨਾਭਾ ਕੌਂਸਲ ਦੇ ਪ੍ਰਸ਼ਾਸਨ ਦਾ ਚਾਰਜ ਐੱਸਡੀਐੱਮ ਨਾਭਾ ਵੱਲੋਂ ਸੰਭਾਲ ਲਿਆ ਗਿਆ। ਐੱਸਡੀਐੱਮ ਨਾਭਾ ਅਰਵਿੰਦਰ ਪਾਲ ਸਿੰਘ ਸੋਮਲ ਦਾ ਨਾਭਾ ਨਗਰ ਕੌਂਸਲ ਪੁੱਜਣ ਤੇ ਕੌਂਸਲ ਦੇ ਕਾਰਜ ਸਾਧਕ ਅਫਸਰ ਗੁਰਚਰਨ ਸਿੰਘ ਤੇ ਕੌਂਸਲ ਸਟਾਫ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਐੱਸਡੀਐੱਮ ਅਰਵਿੰਦਰ ਪਾਲ ਸੋਮਲ ਨੇ ਨਾਭਾ ਕੌਂਸਲ ਪ੍ਰਸ਼ਾਸਨ ਦੇ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਐੱਸਡੀਐੱਮ ਅਰਵਿੰਦਰ ਪਾਲ ਸੋਮਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਾਭਾ ਨਗਰ ਕੌਂਸਲ ਪ੍ਰਸ਼ਾਸਨ ਵੱਲੋਂ ਵਿਕਾਸ ਕਾਰਜ ਬਦਸਤੂਰ ਜਾਰੀ ਰਹਿਣਗੇ। ਉਨ੍ਹਾਂ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਦਾ ਕੂੜਾ ਕਰਕਟ ਨਗਰ ਕੌਂਸਲ ਦੇ ਆਟੋ ਵਿਚ ਪਾਉਣ, ਤਾਂ ਕਿ ਆਪਾਂ ਹਰ ਵਾਰਡ ਨੂੰ ਸੁੰਦਰ ਬਣਾ ਸਕੀਏ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਕਿ ਸਾਫ ਸਫਾਈ ਅਤੇ ਦੂਸਰੇ ਲੋੜੀਂਦੇ ਕਾਰਜਾਂ ਲਈ ਆਪਣਾ ਬਣਦਾ ਯੋਗਦਾਨ ਦੇਣ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਨਗਰ ਕੌਂਸਲ ਪ੍ਰਸ਼ਾਸਨ ਨਾਲ ਜੁੜੇ ਕਿਸੇ ਵੀ ਯੋਗ ਸਰਕਾਰੀ ਕਾਰਜ ਲਈ ਕਿਸੇ ਵੀ ਸ਼ਹਿਰ ਵਾਸੀ ਨੂੰ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਜੇਕਰ ਆਉਂਦੇ ਹੈ ਤਾਂ ਉਸ ਨੂੰ ਪਹਿਲ ਦੇ ਤੌਰ ਤੇ ਹੱਲ ਕੀਤਾ ਜਾਵੇਗਾ।