ਐੱਸਡੀਐੱਮ ਲਹਿਰਾ ਨੇ ਸਵੇਰੇ 6 ਵਜੇ ਸਫਾਈ ਪ੍ਰਬੰਧਾਂ ਦਾ ਲਿਆ ਨੋਟਿਸ
ਐਸਡੀਐਮ ਲਹਿਰਾ ਨੇ ਸਵੇਰੇ 6 ਵਜੇ ਸਫਾਈ ਪ੍ਰਬੰਧਾਂ ਦਾ ਲਿਆ ਨੋਟਿਸ
Publish Date: Thu, 29 Jan 2026 05:39 PM (IST)
Updated Date: Fri, 30 Jan 2026 04:07 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਬੇਸ਼ੱਕ ਸਥਾਨਕ ਨਗਰ ਕੌਂਸਲ ਵੱਲੋਂ ਸਫ਼ਾਈ ਲਈ ਕਾਰਗਰ ਪ੍ਰਬੰਧ ਕੀਤੇ ਹੋਏ ਹਨ, ਪ੍ਰੰਤੂ ਫਿਰ ਵੀ ਸਥਾਨਕ ਸ਼ਹਿਰ ਵਿਚ ਕਈ ਥਾਵਾਂ ’ਤੇ ਅਜੇ ਵੀ ਕੂੜੇ ਦੇ ਢੇਰ ਲੱਗੇ ਹੋਏ ਹਨ। ਇਸ ਤੋਂ ਇਲਾਵਾ ਨਾਲੀਆਂ ਵਿੱਚੋਂ ਪਾਣੀ ਓਵਰ ਫਲੋਅ ਹੋ ਕੇ ਸੜਕਾਂ ਤੇ ਫੈਲ ਰਿਹਾ ਹੈ। ਇਸ ਸਬੰਧੀ ਐੱਸਡੀਐੱਮ ਲਹਿਰਾ ਰਕੇਸ਼ ਪ੍ਰਕਾਸ਼ ਗਰਗ ਨੇ ਅੱਜ ਸਵੇਰੇ 6 ਵਜੇ ਨਾਇਟ ਸੂਟ ਰਾਹੀਂ ਲੋਈ ਦੀ ਬੁੱਕਲ ਮਾਰ ਕੇ ਕਈ ਥਾਵਾਂ ਦਾ ਮੁਆਇਨਾ ਕੀਤਾ। ਇਸ ਵਿੱਚ ਕਈ ਥਾਵਾਂ ਤੇ ਗੰਦਗੀ ਦੇ ਕੂੜੇ ਦੇ ਢੇਰਾਂ ਉੱਤੇ ਅਵਾਰਾ ਪਸ਼ੂ ਵੀ ਮੂੰਹ ਮਾਰਦੇ ਵਿਖਾਈ ਦਿੱਤੇ। ਇਸ ਸਬੰਧੀ ਉਨਾਂ ਨੇ ਤੁਰੰਤ ਨਗਰ ਕੌਂਸਲ ਦੇ ਸਫਾਈ ਸੇਵਕਾਂ ਨੂੰ ਹਦਾਇਤ ਜਾਰੀ ਕੀਤੀ, ਕਿ ਸ਼ਹਿਰ ਵਿੱਚ ਸਫ਼ਾਈ ਦੇ ਕੰਮ ਨਿਰੰਤਰ ਜਾਰੀ ਰੱਖੇ ਜਾਣ। ਉਹਨਾਂ ਕਿਹਾ ਕਿ ਸ਼ਹਿਰ ਵਿੱਚ ਡੇਂਗੂ ਅਤੇ ਚਿਕਨਗੁਨੀਆਂ, ਕਾਲਾ ਪੀਲੀਆ ਵਰਗੇ ਕੇਸ ਅਜੇ ਵੀ ਹਨ। ਇਸ ਲਈ ਜਰੂਰੀ ਹੈ ਕਿ ਸ਼ਹਿਰ ਦੀ ਸਫਾਈ ਨੂੰ ਬਰਕਰਾਰ ਰੱਖਿਆ ਜਾਵੇ। ਉਨ੍ਹਾਂ ਸ਼ਹਿਰ ਦੇ ਵੱਖ ਵੱਖ ਬੀਟਾਂ ਦੇ ਸਫਾਈ ਮੇਟਾਂ ਨੂੰ ਕਿਹਾ ਕਿ ਸਫਾਈ ਦੀ ਕੋਈ ਵੀ ਕਮੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਐੱਸਡੀਐੱਮ ਗਰਗ ਨੇ ਸ਼ਹਿਰ ਨਿਵਾਸੀਆਂ ਨੂੰ ਵੀ ਕਿਹਾ ਕਿ ਗਿੱਲਾ ਅਤੇ ਸੁੱਕਾ ਕੂੜਾ ਘਰਾਂ ਵਿੱਚ ਵੱਖ - ਵੱਖ ਤੌਰ ’ਤੇ ਇਕੱਠਾ ਕੀਤਾ ਜਾਵੇ ਅਤੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਦੀ ਪਿਕਅਪ ਜਾਂ ਰੇਹੜੀ ਵਿੱਚ ਹੀ ਕੂੜਾ ਪਾਇਆ ਜਾਵੇ, ਗਲੀਆਂ ਦੇ ਬਾਹਰ ਕੂੜਾ ਨਾਂ ਖਿਲਾਰਿਆ ਜਾਵੇ।