ਸਕਾਰਪੀਓ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ
ਸਕਾਰਪੀਓ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ
Publish Date: Thu, 05 Mar 2026 04:07 PM (IST)
Updated Date: Thu, 05 Mar 2026 04:08 PM (IST)

ਭਾਰਤ ਭੂਸ਼ਣ ਗੋਇਲ ਪੰਜਾਬੀ ਜਾਗਰਣ ਸਮਾਣਾ:- ਸਮਾਣਾ-ਪਾਤੜਾਂ ਰੋਡ ’ਤੇ ਸਥਿਤ ਪਿੰਡ ਨਿਆਲ ਨੇੜੇ ਇਕ ਤੇਜ਼ ਰਫ਼ਤਾਰ ਸਕਾਰਪੀਓ ਗੱਡੀ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਨੇਪਾਲੀ ਵਿਅਕਤੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੀ ਜਾਂਚ ਕਰ ਰਹੇ ਪਾਤੜਾਂ ਪੁਲਿਸ ਦੇ ਐੱਸਆਈ ਨਿਸ਼ਾਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਇੰਦਰ ਕੁਮਾਰ (43) ਵਜੋਂ ਹੋਈ ਹੈ, ਜੋ ਪਟਿਆਲਾ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਮਾਮੇ ਦੇ ਪੁੱਤਰ ਸੋਮਪਾਲ ਵੱਲੋਂ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ, ਇੰਦਰ ਕੁਮਾਰ ਕੈਟਰਿੰਗ ਗਰੁੱਪ ਵਿਚ ਬਤੌਰ ਕੁੱਕ (ਰਸੋਈਆ) ਕੰਮ ਕਰਦਾ ਸੀ।3 ਮਾਰਚ ਨੂੰ ਦੁਪਹਿਰ ਤੋਂ ਬਾਅਦ ਜਦੋਂ ਉਹ ਇੱਕ ਪੈਲੇਸ ਤੋਂ ਪਾਤੜਾਂ ਸ਼ਹਿਰ ਵੱਲ ਆ ਰਿਹਾ ਸੀ, ਤਾਂ ਇੱਕ ਤੇਜ਼ ਰਫ਼ਤਾਰ ਗੱਡੀ ਦੇ ਚਾਲਕ ਨੇ ਲਾਪਰਵਾਹੀ ਨਾਲ ਆਪਣੀ ਸਕਾਰਪੀਓ ਉਸ ਵਿੱਚ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਉਹ ਮੋਟਰਸਾਈਕਲ ਸਮੇਤ ਉਛਲ ਕੇ ਜ਼ਮੀਨ ਤੇ ਜਾ ਡਿੱਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਚਾਲਕ ਸਕਾਰਪੀਓ ਕਾਰ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ, ਪੁਲਿਸ ਅਧਿਕਾਰੀ ਅਨੁਸਾਰ ਅਣਪਛਾਤੇ ਗੱਡੀ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਮਾਪੇ ਨੇਪਾਲ ਵਿੱਚ ਰਹਿੰਦੇ ਹਨ।