ਕਾਰਪੇਡੀਅਮ ਇੰਟਰਨੈਸ਼ਨਲ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
ਕਾਰਪੇਡੀਅਮ ਇੰਟਰਨੈਸ਼ਨਲ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ
Publish Date: Thu, 16 Apr 2026 04:58 PM (IST)
Updated Date: Fri, 17 Apr 2026 04:06 AM (IST)

ਸਕੂਲ ’ਚ ਮਚੀ ਅਫਰਾ-ਤਫਰੀ ਐੱਚ. ਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ ਸਰਹੰਦ ਰੋਡ ਉੱਤੇ ਸਥਿਤ ਕਾਰਪੇਡੀਅਮ ਇੰਟਰਨੈਸ਼ਨਲ ਸਕੂਲ ਵਿੱਚ ਪ੍ਰਿੰਸੀਪਲ ਦੀ ਈਮੇਲ ਉੱਤੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਬੰਬ ਨਾਲ ਉਡਾਉਣ ਦੀ ਦਿੱਤੀ ਗਈ ਧਮਕੀ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਤੁਰੰਤ ਹਰਕਤ ਵਿੱਚ ਆਉਂਦਿਆਂ ਹੋਇਆਂ ਸਕੂਲ ਦੇ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਉਹਨਾਂ ਦੇ ਘਰਾਂ ਵਿੱਚ ਭੇਜ ਦਿੱਤਾ ਅਤੇ ਥਾਣਾ ਸਦਰ ਪੁਲਿਸ ਨੂੰ ਸੂਚਿਤ ਕਰਨ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਸਕੂਲ ਦੀ ਜਾਂਚ ਦੇ ਕੰਮ ਚ ਜੁੱਟ ਗਿਆ ਸੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਾਜਪੁਰਾ ਸਰਹਿੰਦ ਰੋਡ ਉੱਤੇ ਸਥਿਤ ਕਾਰਪੇਡੀਅਮ ਇੰਟਰਨੈਸ਼ਨਲ ਸਕੂਲ ਜਦੋਂ ਰੋਜ਼ਨਾ ਦੀ ਤਰ੍ਹਾਂ ਆਪਣੇ ਨਿਰਧਾਰਿਤ ਸਮੇਂ ਉੱਤੇ ਲੱਗਿਆ ਤਾਂ ਕਰੀਬ 9 ਵਜੇ ਪ੍ਰਿੰਸੀਪਲ ਨੀਸੂ ਸ਼ਰਮਾ ਦੀ ਈਮੇਲ ’ਤੇ ਇੱਕ ਧਮਕੀ ਭਰੀ ਈਮੇਲ ਆਈ। ਇਸ ਵਿੱਚ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪ੍ਰਿੰਸੀਪਲ ਨਿਸ਼ੂ ਸ਼ਰਮਾ ਵੱਲੋਂ ਤੁਰੰਤ ਹਰਕਤ ਵਿੱਚ ਆਉਂਦਿਆਂ ਹੋਇਆਂ ਜਿੱਥੇ ਸਕੂਲ ਦੇ ਸਾਰੇ ਵਿਦਿਆਰਥੀਆਂ ਨੂੰ ਜਲਦ ਤੋਂ ਜਲਦ ਸਕੂਲ ਦੀ ਇਮਾਰਤ ਤੋਂ ਬਾਹਰ ਕੱਢ ਕੇ ਉਹਨਾਂ ਨੂੰ ਘਰਾਂ ਨੂੰ ਭੇਜ ਦਿੱਤਾ ਅਤੇ ਉਹਨਾਂ ਵੱਲੋਂ ਐਸਐਸਪੀ ਪਟਿਆਲਾ, ਡੀਐੱਸਪੀ ਰਾਜਪੁਰਾ ਮਨਜੀਤ ਸਿੰਘ ਅਤੇ ਥਾਣਾ ਸਦਰ ਰਾਜਪੁਰਾ ਦੇ ਐਸਐਚ ਓ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੂੰ ਸੂਚਿਤ ਕੀਤਾ। ਇੰਸਪੈਕਟਰ ਕਿਰਪਾਲ ਸਿੰਘ ਮੋਹੀ ਆਪਣੀ ਪੁਲਿਸ ਟੀਮ ਅਤੇ ਐਂਟੀ ਸਾਬੋਤਾਜ ਟੀਮ ਦੇ ਨਾਲ ਸਕੂਲ ਦੇ ਵਿੱਚ ਪੁੱਜ ਕੇ ਆਪਣੀ ਜਾਂਚ ਵਿੱਚ ਜੁੱਟ ਗਏ ਸਨ। ਇਸ ਮੌਕੇ ਪ੍ਰਿੰਸੀਪਲ ਨਿਸ਼ੂ ਸ਼ਰਮਾ ਨੇ ਦੱਸਿਆ ਕਿ ਉਹਨਾਂ ਨੂੰ ਜਦੋਂ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਤਾਂ ਉਹਨਾਂ ਵੱਲੋਂ ਤੁਰੰਤ ਅੱਧੇ ਘੰਟੇ ਦੇ ਵਿੱਚ ਸਾਰੇ ਬੱਚਿਆਂ ਨੂੰ ਸੁਰੱਖਿਤ ਬਾਹਰ ਕੱਢ ਕੇ ਘਰਾਂ ਨੂੰ ਭੇਜ ਦਿੱਤਾ। ਉਹਨਾਂ ਕਿਹਾ ਕਿ ਅਜਿਹੀਆਂ ਈਮੇਲ ਡਰਾਉਣ ਅਤੇ ਧਮਕਾਉਣ ਦੇ ਲਈ ਆਉਂਦੀਆਂ ਰਹਿੰਦੀਆਂ ਹਨ। ਇਸ ਲਈ ਉਹਨਾਂ ਵੱਲੋਂ ਸ਼ੁਕਰਵਾਰ ਨੂੰ ਸਕੂਲ ਆਮ ਦੀ ਤਰ੍ਹਾਂ ਚੱਲਣ ਸਬੰਧੀ ਸਮੂਹ ਸਕੂਲ ਦੇ ਵਿਦਿਆਰਥੀਆਂ ਨੂੰ ਮੈਸੇਜ ਭੇਜ ਦਿੱਤਾ ਗਿਆ ਹੈ। ਥਾਣਾ ਸਦਰ ਰਾਜਪੁਰਾ ਦੇ ਐਸਐਚ ਓ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਉਹਨਾਂ ਦੀ ਟੀਮ ਐਂਟੀ ਸਾਬੋਤਾਜ ਟੀਮ ਦੇ ਨਾਲ ਸਾਰੇ ਸਕੂਲ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਅਜਿਹੀਆਂ ਧਮਕੀ ਭਰੀਆਂ ਈਮੇਲ ਆਉਂਦੀਆਂ ਰਹਿੰਦੀਆਂ ਹਨ। ਇਸ ਲਈ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਤੇ ਪੁਲਿਸ ਪੂਰੀ ਬਾਰੀਕੀ ਦੇ ਨਾਲ ਜਾਂਚ ਕਰ ਰਹੀ। ਇਸ ਤੋਂ ਇਲਾਵਾ ਈਮੇਲ ਕਿੱਥੋਂ ਤੇ ਕਿਹੜੇ ਇੰਟਰਨੈਟ ਜ਼ਰੀਏ ਆਈ ਹੈ, ਸਬੰਧੀ ਵੀ ਟੀਮ ਜਾਂਚ ’ਚ ਜੁਟੀ ਹੋਈ ਹੈ।