ਸਕੂਲਾਂ ਤੱਕ ਪੁੱਜਾ ਇਜ਼ਰਾਈਲ-ਈਰਾਨ ਜੰਗ ਦਾ ਸੇਕ
ਸਕੂਲਾਂ ਤੱਕ ਪੁੱਜਾ ਜੰਗ ਦਾ ਸੇਕ
Publish Date: Tue, 17 Mar 2026 06:09 PM (IST)
Updated Date: Tue, 17 Mar 2026 06:13 PM (IST)

--ਗੈਸ ਕਿੱਲਤ ਕਾਰਨ ਮਿਡ ਡੇ ਮੀਲ ਲਈ ਬਦਲਵੇਂ ਪ੍ਰਬੰਧ ਕਰਨ ਦੀ ਹਦਾਇਤ ਫੋਟੋ 17ਪੀਟੀਐੱਲ- 25 ਪਰਗਟ ਸਿੰਘ, •ਪੰਜਾਬੀ ਜਾਗਰਣ•, ਪਟਿਆਲਾ : ਇਜ਼ਰਾਈਲ-ਈਰਾਨ ਵਿਚਕਾਰ ਚੱਲ ਰਹੇ ਯੁੱਧ ਦਾ ਸੇਕ ਸਕੂਲਾਂ ਤੱਕ ਵੀ ਪੁੱਜਣ ਲੱਗਾ ਹੈ। ਯੁੱਧ ਕਾਰਨ ਖਾੜ੍ਹੀ ਦੇਸ਼ਾਂ ਤੋਂ ਆਉਣ ਵਾਲੇ ਪੈਟਰੋਲੀਅਮ ਪਦਾਰਥਾਂ ਦੀ ਦੇਸ਼ ਭਰ ’ਚ ਕਮੀ ਕਾਰਨ ਜਿੱਥੇ ਆਮ ਘਰਾਂ ਦੀ ਰਸੋਈ ’ਤੇ ਇਸਦਾ ਅਸ਼ਰ ਦਿਖਾਈ ਦੇਣ ਲੱਗਾ ਹੈ ਉਥੇ ਹੀ ਸੂਬੇ ਦੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਵਿਦਿਆਰਥੀਆਂ ਲਈ ਬਣਦਾ ਮਿਡ ਡੇ ਮੀਲ ਵੀ ਪ੍ਰਭਾਵਿਤ ਹੋਣ ਲੱਗ ਪਿਆ ਹੈ, ਜਿਸ ਕਾਰਨ ਪੰਜਾਬ ਸਟੇਟ ਮਿਡ ਡੇ ਮੀਲ ਸੁਸਾਇਟੀ ਪੰਜਾਬ ਵੱਲੋਂ ਪੱਤਰ ਜਾਰੀ ਕਰਕੇ ਮਿਡ ਡੇ ਮੀਲ ਬਣਾਉਣ ਦੇ ਬੱਦਲਵੇ ਪ੍ਰਬੰਧ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਪੰਜਾਬ ਸਟੇਟ ਮਿਡ ਡੇ ਮੀਲ ਸੁਸਾਇਟੀ ਪੰਜਾਬ ਦੇ ਜਨਰਲ ਸਕੱਤਰ ਵੱਲੋਂ ਸੂਬੇ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਤੇ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿ) ਨੂੰ ਪੱਤਰ ਜਾਰੀ ਕਰਦਿਆਂ ਪੀ.ਐਮ.ਪੋਸ਼ਣ (ਮਿਡ ਡੇ ਮੀਲ) ਸਕੀਮ ਅਧੀਨ ਦੁਪਹਿਰ ਦਾ ਭੋਜਨ ਬਣਾਉਣ ਹਿੱਤ ਰਸੋਈ ਗੈਸ ਸਿਲੰਡਰ ਨਾ ਮਿਲਣ ਜਾਂ ਦੇਰੀ ਨਾਲ ਮਿਲਣ ਸਬੰਧੀ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਉਂਦਿਆਂ ਕਿਹਾ ਹੈ ਕਿ ਸਕੂਲ ਪੱਧਰ ’ਤੇ ਬਣਾਇਆ ਜਾ ਰਿਹਾ ਦੁਪਹਿਰ ਦਾ ਭੋਜਨ ਜਿਆਦਾਤਰ ਰਸੋਈ ਗੈਸ ਸਿਲੰਡਰ ਨਾਲ ਹੀ ਤਿਆਰ ਕੀਤਾ ਜਾਂਦਾ ਹੈ, ਜਿਸ ਦੌਰਾਨ ਗੈਸ ਸਿਲੰਡਰ ਨਾ ਮਿਲਣ ਜਾਂ ਦੇਰੀ ਨਾਲ ਮਿਲਣ ਕਾਰਨ ਸਕੂਲਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੱਤਰ ’ਚ ਲਿਖਿਆ ਗਿਆ ਹੈ ਕਿ ਜੇਕਰ ਸਕੂਲਾਂ ਵਿਚ ਦੁਪਹਿਰ ਦਾ ਭੋਜਨ ਬਣਾਉਣ ਸਮੇਂ ਗੈਸ ਸਿੰਲਡਰ ਦੀ ਕਿਸੇ-ਕਿਸਮ ਦੀ ਕੋਈ ਦਿੱਕਤ ਪੇਸ਼ ਆ ਰਹੀ ਹੈ, ਤਾਂ ਮਿਡ ਡੇ ਮੀਲ ਬਣਾਉਣ ਲਈ ਬਦਲਵਾਂ ਪ੍ਰਬੰਧ ਕਰਵਾਇਆ ਜਾਵੇ ਤਾਂ ਜੋ ਮਿਡ ਡੇ ਮੀਲ ਪ੍ਰਭਾਵਿਤ ਨਾ ਹੋਵੇ। ਭਾਵੇ ਕਿ ਜਾਰੀ ਪੱਤਰ ਅਨੁਸਾਰ ਬੱਦਲਵੇ ਪ੍ਰਬੰਧ ਕੀ ਕਰਨੇ ਹਨ ਇਸ ਬਾਰੇ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ ਪਰ ਜੇਕਰ ਬਦਲਵੇਂ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਲੱਕੜਾਂ ਦੇ ਬਾਲਣ ਨਾਲ ਖਾਣਾ ਬਣਾਉਣ ਦਾ ਪ੍ਰਬੰਧ ਕੀਤਾ ਜਾਵੇਗਾ।