ਸਕੂਲ ਬੱਸਾਂ ਦੀ ਕੀਤੀ ਚੈਕਿੰਗ; 4 ਦੇ ਚਲਾਨ
ਸਕੂਲ ਬੱਸਾਂ ਦੀ ਕੀਤੀ ਚੈਕਿੰਗ; 4 ਦੇ ਚਲਾਨ
Publish Date: Fri, 16 Jan 2026 05:12 PM (IST)
Updated Date: Sat, 17 Jan 2026 04:07 AM (IST)

ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਾ ਵਰਤਣ ਦੀ ਦਿੱਤੀ ਚੇਤਾਵਨੀ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਜ਼ਿਲ੍ਹੇ ਵਿਚ ਸਕੂਲੀ ਬੱਚਿਆਂ ਦੀ ਸੁਰੱਖਿਆ ਤੇ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪ੍ਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਦਿੜ੍ਹਬਾ ਖੇਤਰ ਦੇ ਵੱਖ-ਵੱਖ ਸਕੂਲਾਂ ਵਿਚ ਸਕੂਲ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਸਕੂਲ ਬੱਸਾਂ ਵਿਚ ਸਰਕਾਰ ਵੱਲੋਂ ਨਿਰਧਾਰਤ ਸਾਰੇ ਲਾਜ਼ਮੀ ਸੁਰੱਖਿਆ ਮਾਪਦੰਡਾਂ ਜਿਵੇਂ ਕਿ ਲੇਡੀ ਅਟੈਂਡੈਂਟ ਦੀ ਉਪਲਬਧਤਾ, ਫਸਟ ਏਡ ਬਾਕਸ, ਡਰਾਈਵਰ ਦੀ ਯੂਨੀਫਾਰਮ, ਅਤੇ ਬੱਸਾਂ ਦੀ ਸਮੁੱਚੀ ਸੁਰੱਖਿਆ ਸਥਿਤੀ ਦੀ ਜਾਂਚ ਕੀਤੀ ਗਈ। ਚੈਕਿੰਗ ਦੌਰਾਨ ਕੁਝ ਸਕੂਲ ਬੱਸਾਂ ਵਿਚ ਨਿਯਮਾਂ ਦੀ ਉਲੰਘਣਾ ਸਾਹਮਣੇ ਆਈ। ਇਸ ਮੌਕੇ ਕੁੱਲ ਚਾਰ ਸਕੂਲ ਬੱਸਾਂ ਦੇ ਚਲਾਨ ਕੀਤੇ ਗਏ, ਜਿਨ੍ਹਾਂ ਵਿੱਚੋਂ ਇੱਕ ਬੱਸ ਵਿੱਚ ਡਰਾਈਵਰ ਵੱਲੋਂ ਨਿਰਧਾਰਤ ਯੂਨੀਫਾਰਮ ਨਾ ਪਹਿਨਣ, ਇੱਕ ਬੱਸ ਵਿੱਚ ਲੇਡੀ ਅਟੈਂਡੈਂਟ ਦੀ ਗੈਰਹਾਜ਼ਰੀ, ਅਤੇ ਦੋ ਬੱਸਾਂ ਵਿੱਚ ਫਸਟ ਏਡ ਬਾਕਸ ਮੌਜੂਦ ਨਾ ਹੋਣ ਕਾਰਨ ਚਲਾਨ ਕੀਤੇ ਗਏ। ਇਸ ਦੇ ਨਾਲ ਹੀ ਸਕੂਲ ਪ੍ਰਬੰਧਨਾਂ ਨੂੰ ਪਾਈਆਂ ਗਈਆਂ ਘਾਟਾਂ ਨੂੰ ਤੁਰੰਤ ਪੂਰਾ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਣ ਦੀ ਚੇਤਾਵਨੀ ਦਿੱਤੀ ਗਈ। ਇਸ ਮੌਕੇ ਵੱਖ ਵੱਖ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਸਕੂਲ ਬੱਸਾਂ ਦੀ ਨਿਯਮਤ ਚੈਕਿੰਗ ਨਾਲ ਨਾ ਸਿਰਫ਼ ਬੱਚਿਆਂ ਦੀ ਸੁਰੱਖਿਆ ਨੂੰ ਮਜ਼ਬੂਤੀ ਮਿਲਦੀ ਹੈ, ਸਗੋਂ ਸਕੂਲ ਪ੍ਰਬੰਧਕਾਂ ਵਿੱਚ ਵੀ ਹੋਰ ਜ਼ਿੰਮੇਵਾਰੀ ਦੀ ਭਾਵਨਾ ਵਿਕਸਿਤ ਹੁੰਦੀ ਹੈ। ਪ੍ਰਸ਼ਾਸਨ ਵੱਲੋਂ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਚੈਕਿੰਗ ਮੁਹਿੰਮਾਂ ਜਾਰੀ ਰੱਖੀਆਂ ਜਾਣਗੀਆਂ, ਤਾਂ ਜੋ ਹਰ ਬੱਚਾ ਸੁਰੱਖਿਅਤ ਮਾਹੌਲ ਵਿੱਚ ਸਕੂਲ ਆਉਣ-ਜਾਣ ਕਰ ਸਕੇ। ਟੀਮ ਵਿਚ ਰਿਸ਼ਭ ਨਾਗਪਾਲ (ਸਿੱਖਿਆ ਵਿਭਾਗ), ਉਪ-ਨਿਰੀਖਕ ਜਸਵਿੰਦਰ ਸਿੰਘ ਅਤੇ ਸਹਾਇਕ ਉਪ-ਨਿਰੀਖਕ ਸਰਵਣ ਸਿੰਘ (ਪੁਲਿਸ ਵਿਭਾਗ), ਗਗਨਦੀਪ ਗਰਗ (ਸੋਸ਼ਲ ਵਰਕਰ) ਅਤੇ ਰੁਪਿੰਦਰ ਸਿੰਘ (ਆਊਟਰੀਚ ਵਰਕਰ), ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਸੰਗਰੂਰ ਸ਼ਾਮਲ ਸਨ।