ਐੱਸਸੀ ਕਮਿਸ਼ਨ ਨੇ ਨਗਰ ਕੌਂਸਲ ਦੇ ਈਓ ਨੂੰ ਕੀਤਾ ਤਲਬ
ਐੱਸਸੀ ਕਮਿਸ਼ਨ ਨੇ ਨਗਰ ਕੌਂਸਲ ਦੇ ਈਓ ਨੂੰ ਕੀਤਾ ਤਲਬ
Publish Date: Sun, 08 Feb 2026 04:13 PM (IST)
Updated Date: Mon, 09 Feb 2026 04:00 AM (IST)

ਮਾਮਲਾ: ਸੰਘਣੀ ਅਬਾਦੀ ’ਚ ਕੂੜੇ ਦਾ ਡੰਪ ਬਣਾਉਣ ਦਾ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਦੇ ਮੈਗਜ਼ੀਨ ਮੁਹੱਲੇ ’ਚ ਸੰਤ ਕਬੀਰ ਦਾਸ ਪਾਰਕ ਦੇ ਨਾਲ ਨਗਰ ਕੌਂਸਲ ਵੱਲੋਂ ਬਣਾਏ ਗਏ ਗੈਰ ਕਾਨੂੰਨੀ ਗੰਦਗੀ ਦੇ ਡੰਪ ਦੇ ਮਾਮਲੇ ਦਾ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਗੰਭੀਰ ਨੋਟਿਸ ਲਿਆ ਹੈ। ਗੰਦਗੀ ਦੇ ਇਸ ਡੰਪ ਕਾਰਨ ਨੇੜੇ-ਤੇੜੇ ਦੇ ਰਿਹਾਇਸ਼ੀ ਇਲਾਕੇ ਵਿਚ ਵਸਦੀ ਵੱਡੀ ਆਬਾਦੀ ਪ੍ਰਭਾਵਿਤ ਹੋ ਰਹੀ ਹੈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਐੱਸਸੀ ਕਮਿਸ਼ਨ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ 10 ਫਰਵਰੀ ਨੂੰ ਡੰਪ ਸੰਬੰਧੀ ਰਿਪੋਰਟ ਸਮੇਤ ਤਲਬ ਕੀਤਾ ਹੈ। ਜ਼ਿਕਰਯੋਗ ਹੈ ਕਿ ਸੁਨਾਮੀ ਗੇਟ ਸਬਜ਼ੀ ਮੰਡੀ ਦੇ ਨੇੜੇ ਸੰਤ ਕਬੀਰ ਦਾਸ ਪਾਰਕ ਨਾਲ ਲੱਗਦੀ ਸੜਕ ਨੂੰ ਬੰਦ ਕਰਕੇ ਨਗਰ ਕੌਂਸਲ ਵੱਲੋਂ ਗੰਦਗੀ ਦਾ ਡੰਪ ਬਣਾਇਆ ਗਿਆ ਹੈ, ਜਿੱਥੇ ਸ਼ਹਿਰ ਭਰ ਤੋਂ ਇਕੱਠਾ ਕੀਤਾ ਕੂੜਾ ਡੰਪ ਕੀਤਾ ਜਾਂਦਾ ਹੈ। ਇਸ ਡੰਪ ਦੇ ਬਿਲਕੁਲ ਨੇੜੇ ਵਸਦੀ ਧਾਨਕ ਸਮਾਜ ਦੀ ਬਸਤੀ ਦੇ ਲੋਕ ਬਿਮਾਰੀਆਂ ਵਿਚ ਜਿਊਣ ਲਈ ਮਜਬੂਰ ਹਨ। ਜਿੱਥੇ ਪਹਿਲਾਂ ਬਜ਼ੁਰਗ, ਮਹਿਲਾਵਾਂ ਅਤੇ ਬੱਚੇ ਪਾਰਕ ਵਿੱਚ ਸੈਰ ਕਰਨ ਅਤੇ ਖੇਡਣ ਲਈ ਜਾਂਦੇ ਸਨ, ਉੱਥੇ ਹੁਣ ਕੂੜੇ ਦੀ ਗੰਦੀ ਬਦਬੂ ਕਾਰਨ ਲੋਕਾਂ ਲਈ ਬੈਠਣਾ ਤਾਂ ਦੂਰ ਦੀ ਗੱਲ, ਘਰਾਂ ਵਿੱਚ ਬੈਠ ਕੇ ਦੋ ਵਕਤ ਦੀ ਰੋਟੀ ਖਾਣੀ ਵੀ ਮੁਸ਼ਕਲ ਹੋ ਗਈ ਹੈ। ਬਰਸਾਤ ਦੇ ਮੌਸਮ ਵਿੱਚ ਹਾਲਾਤ ਹੋਰ ਵੀ ਬਦਤਰ ਹੋ ਜਾਂਦੇ ਹਨ। ਮੀਂਹ ਪੈਣ ਨਾਲ ਕੂੜਾ ਸੜਨ ਲੱਗ ਪੈਂਦਾ ਹੈ ਅਤੇ ਨੇੜੇ ਤੋਂ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ। ਬਦਬੂ ਕਾਰਨ ਇਥੇ ਰਹਿਣਾ ਔਖਾ ਹੋ ਚੁੱਕਾ ਹੈ। ਡੰਪ ਸਥਾਨ ’ਤੇ ਸੈਂਕੜੇ ਟਨ ਕਚਰਾ ਇਕੱਠਾ ਹੋ ਚੁੱਕਾ ਹੈ, ਜਿਸ ਕਾਰਨ ਲੋਕ ਗੰਦਗੀ ਅਤੇ ਬਿਮਾਰੀਆਂ ਵਿਚ ਜੀਵਨ ਬਿਤਾਉਣ ਲਈ ਮਜਬੂਰ ਹਨ। ਐੱਸਸੀ ਕਮਿਸ਼ਨ ਕੋਲ ਗੰਦਗੀ ਦਾ ਡੰਪ ਹਟਾਉਣ ਦੀ ਲਾਈ ਗੁਹਾਰ ਵਾਰਡ ਦੀ ਬਜ਼ੁਰਗ ਕੌਂਸਲਰ ਆਸ਼ਾ ਰਾਣੀ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿੱਚ ਵਸਦੇ ਧਾਨਕ ਸਮਾਜ ਦੇ ਲੋਕਾਂ ਦੀ ਹਾਲਤ ਇਸ ਡੰਪ ਕਾਰਨ ਬਹੁਤ ਹੀ ਖਰਾਬ ਹੋ ਚੁੱਕੀ ਹੈ। ਡੰਪ ਦੇ ਨੇੜੇ ਸੰਤ ਕਬੀਰ ਦਾਸ ਪਾਰਕ, ਆਦਰਸ਼ ਮਾਡਲ ਹਾਈ ਸਕੂਲ, ਸਬਜ਼ੀ ਮੰਡੀ, ਆਟਾ ਚੱਕੀ, ਸਰਾਫਾ ਬਾਜ਼ਾਰ, ਸ਼ਿਵ, ਹਨੁਮਾਨ ਅਤੇ ਸ਼ਨੀਦੇਵ ਮੰਦਰ ਸਮੇਤ ਵੱਖ-ਵੱਖ ਦੁਕਾਨਾਂ ਮੌਜੂਦ ਹਨ। ਪਹਿਲਾਂ ਵੀ ਇਹ ਮਾਮਲਾ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ, ਜਿਸ ਤੋਂ ਬਾਅਦ ਇਕ ਵਾਰ ਡੰਪ ਹਟਾ ਦਿੱਤਾ ਗਿਆ ਸੀ, ਪਰ ਨਗਰ ਕੌਂਸਲ ਨੇ ਮੁੜ ਇੱਥੇ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ, ਜਿਸ ਨਾਲ ਲੋਕ ਲੰਮੇ ਸਮੇਂ ਤੋਂ ਪਰੇਸ਼ਾਨੀ ਝੱਲ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਇੱਥੋਂ ਗੰਦਗੀ ਦਾ ਡੰਪ ਪੱਕੇ ਤੌਰ ’ਤੇ ਹਟਾਇਆ ਜਾਵੇ ਤਾਂ ਜੋ ਲੋਕਾਂ ਸੁੱਖ ਦਾ ਸਾਹ ਲੈ ਸਕਣ। 10 ਫਰਵਰੀ ਨੂੰ ਕਮਿਸ਼ਨ ਨੇ ਕੀਤਾ ਤਲਬ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਇਸ ਗੰਭੀਰ ਮਾਮਲੇ ਦਾ ਨੋਟਿਸ ਲੈਂਦਿਆਂ ਜਾਂਚ ਕਰਨ ਦਾ ਫ਼ੈਸਲਾ ਲਿਆ ਹੈ। ਇਸ ਮਾਮਲੇ ਦੀ ਸੁਣਵਾਈ ਲਈ 10 ਫਰਵਰੀ ਨੂੰ ਕਮਿਸ਼ਨ ਨੇ ਤਰੀਕ ਨਿਰਧਾਰਤ ਕੀਤੀ ਹੈ। ਕਮਿਸ਼ਨ ਨੇ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਤੱਥਾਂ ਅਤੇ ਜਾਣਕਾਰੀ ਦੀ ਰਿਪੋਰਟ ਸਮੇਤ ਨਿੱਜੀ ਤੌਰ ’ਤੇ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਹਨ। ਇਸ ਸੰਬੰਧੀ ਪੱਤਰ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਵੀ ਭੇਜਿਆ ਗਿਆ ਹੈ। ਨਾਲ ਹੀ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਹੁਕਮਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।