7 ਫਰਵਰੀ ਨੂੰ ਕਿਸਾਨ ਮਾਰਚ ਸ਼ੁਰੂ ਕੀਤਾ ਜਾਵੇਗਾ : ਬਹਿਰੂ
7 ਫਰਵਰੀ ਨੂੰ ਕੰਨਿਆ ਕੁਮਾਰੀ ਤੋਂ ਜੰਮੂ ਕਸ਼ਮੀਰ ਤੱਕ ਕਿਸਾਨ ਮਾਰਚ ਸ਼ੁਰੂ ਕੀਤਾ ਜਾਵੇਗਾ: ਬਹਿਰੂ
Publish Date: Fri, 30 Jan 2026 06:46 PM (IST)
Updated Date: Fri, 30 Jan 2026 06:49 PM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਦਬਾਅ ਥੱਲੇ ਆ ਕੇ ਲਏ ਜਾ ਰਹੇ ਲੋਕ ਵਿਰੋਧੀ ਫੈਸਲਿਆਂ ਕਾਰਨ ਕਿਸਾਨਾਂ, ਮਜ਼ਦੂਰਾਂ ਤੇ ਛੋਟੇ ਕਾਰੋਬਾਰੀਆਂ ਵਿਚ ਚਿੰਤਾ ਪਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਆਪਣੇ ਹੀ ਦੇਸ਼ ਵਿਚ ਬਿਗਾਨਗੀ ਦਾ ਅਹਿਸਾਸ ਹੋਣ ਲੱਗ ਪਿਆ ਹੈ। ਇਸ ਆਰਥਿਕ ਗੰਭੀਰ ਮਸਲੇ ’ਤੇ ਆਪਣਾ ਪ੍ਰਤੀਕਰਨ ਦਿੰਦਿਆ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਇਸ ਵੱਡੀ ਚਿੰਤਾ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ 17 ਵੱਖ-ਵੱਖ ਸੂਬਿਆਂ ਦੇ ਕਿਸਾਨ ਆਗੂਆਂ ਦੀ ਇਕ 8 ਜਨਵਰੀ ਨੂੰ ਦਿੱਲੀ ਵਿਖੇ ਮੀਟਿੰਗ ਹੋਈ ਸੀ, ਜਿਸ ਵਿੱਚ ਫੈਸਲਾ ਹੋਇਆ ਸੀ ਕਿ ਕੇਂਦਰ ਸਰਕਾਰ ਵੱਲੋਂ ਲਏ ਗਏ ਕਿਸਾਨ, ਮਜ਼ਦੂਰ ਮਾਰੂ ਫੈਸਲਿਆਂ ਨੂੰ ਰੋਕਣ ਲਈ ਇੱਕ ਵੱਡਾ ਜਨ ਅੰਦੋਲਨ ਸ਼ੁਰੂ ਕੀਤਾ ਜਾਵੇ। ਬਹਿਰੂ ਨੇ ਦੱਸਿਆ ਕਿ 7 ਫਰਵਰੀ ਨੂੰ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਕਿਸਾਨ ਮਾਰਚ ਸ਼ੁਰੂ ਕਰਨਗੇ ਅਤੇ ਇਸ ਕਿਸਾਨ ਮਾਰਚ ਦੀ ਸਮਾਪਤੀ 19 ਮਾਰਚ ਨੂੰ ਰਾਮਲੀਲਾ ਗਰਾਊਂਡ ਦਿੱਲੀ ਵਿਖੇ ਇੱਕ ਵੱਡੀ ਕਿਸਾਨਾਂ, ਮਜਦੂਰਾਂ, ਛੋਟੇ ਕਾਰੋਬਾਰੀਆਂ ਅਤੇ ਬੇਰੁਜਗਾਰ ਨੌਜਵਾਨਾ ਦੀ ਮਹਾਂ ਪੰਚਾਇਤ ਹੋਵੇਗੀ। ਬਹਿਰੂ ਨੇ ਦੱਸਿਆ ਕਿ ਜਿਹਡ਼ੇ ਜਿਹਡ਼ੇ ਸੂਬਿਆਂ ਵਿੱਚ ਕਿਸਾਨ ਮਾਰਚ ਜਾਵੇਗਾ ਉੱਥੇ ਵੱਡੀਆਂ ਕਿਸਾਨ ਰੈਲੀਆਂ, ਸੈਮੀਨਾਰ ਕਰਕੇ ਕੇਂਦਰ ਸਰਕਾਰ ਦੀਆਂ ਦੇਸ਼ ਵਿਰੋਧੀ ਨੀਤੀਆਂ ਦਾ ਚੁਰਾਹੇ ਭਾਂਡਾ ਭੰਨਣ ਦੇ ਨਾਲ-ਨਾਲ ਪਿੰਡਾਂ ਦੀਆਂ ਪੰਚਾਇਤਾਂ, ਗ੍ਰਾਂਮ ਸੇਵਾਵਾਂ ਦੇ ਮਤੇ ਵੀ ਪੁਆਏ ਜਾਣਗੇ, ਜੋ ਕਿ ਲੱਖਾਂ ਮਤਿਆਂ ਦੀਆਂ ਪੰਡਾਂ ਬੰਨ ਕੇ 19 ਮਾਰਚ ਨੂੰ ਰਾਮਲੀਲਾ ਗਰਾਊਂਡ ਦਿੱਲੀ ਵਿਖੇ ਹੋਣ ਵਾਲੀ ਮਹਾਂ ਪੰਚਾਇਤ ਦੌਰਾਨ ਦੇਸ਼ ਦੇ ਹੁਕਮਰਾਨਾਂ ਦੇ ਹਵਾਲੇ ਕਰਾਂਗੇ।