ਘਨੌਰ ਅਨਾਜ ਮੰਡੀ ’ਚ ਵਿਸ਼ਾਲ ਸੰਤ ਸੰਮੇਲਨ ਕਰਵਾਇਆ
ਘਨੌਰ ਅਨਾਜ ਮੰਡੀ ਵਿੱਚ ਵਿਸ਼ਾਲ ਸੰਤ ਸੰਮੇਲਨ ਦਾ ਆਯੋਜਨ
Publish Date: Sun, 15 Mar 2026 04:42 PM (IST)
Updated Date: Sun, 15 Mar 2026 04:45 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਵੱਲੋਂ ਹਲਕਾ ਨਿਵਾਸੀਆਂ ਦੇ ਸਹਿਯੋਗ ਨਾਲ ਤੇ ਸਤਿਗੁਰੂ ਨਿਰੰਜਨ ਦਾਸ ਜੀ, ਮੌਜੂਦਾ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ ਦੇ ਆਸ਼ੀਰਵਾਦ ਸਦਕਾ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵਿਸ਼ਾਲ ਸੰਤ ਸੰਮੇਲਨ ਘਨੌਰ ਦੀ ਅਨਾਜ ਮੰਡੀ ਵਿਖੇ ਬੜੀ ਸ਼ਰਧਾ ਅਤੇ ਧਾਰਮਿਕ ਉਤਸ਼ਾਹ ਨਾਲ ਕਰਵਾਇਆ ਗਿਆ। ਧਾਰਮਿਕ ਸਮਾਗਮ ’ਚ ਇਲਾਕੇ ਦੀਆਂ ਪ੍ਰਮੁੱਖ ਧਾਰਮਿਕ ਤੇ ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਲਗਾ ਕੇ ਗੁਰੂ ਸਾਹਿਬ ਦੇ ਚਰਨਾਂ ਵਿਚ ਨਮਨ ਕੀਤਾ। ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਸਾਰੀ ਮਨੁੱਖਤਾ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਉਨ੍ਹਾਂ ਦੇ ਉਪਦੇਸ਼ ਸਾਨੂੰ ਸੱਚਾਈ, ਇਨਸਾਫ ਅਤੇ ਸਮਾਨਤਾ ਦੇ ਰਾਹ ’ਤੇ ਚੱਲਣ ਦੀ ਸਿੱਖਿਆ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਜੇਹੇ ਧਾਰਮਿਕ ਸਮਾਗਮ ਸਮਾਜ ਵਿੱਚ ਸਕਾਰਾਤਮਕ ਸੋਚ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ, ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ ਅਤੇ ਮੁੱਖ ਮੰਤਰੀ ਸਿਹਤ ਯੋਜਨਾ ਵਰਗੀਆਂ ਕਈ ਲੋਕ-ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦਾ ਲਾਭ ਆਮ ਲੋਕਾਂ ਤੱਕ ਪਹੁੰਚ ਰਿਹਾ ਹੈ।ਸਮਾਗਮ ਦੌਰਾਨ ਸੰਤ ਬਾਬਾ ਮਨਦੀਪ ਦਾਸ ਜੀ ਰਾਸ਼ਟਰੀ ਉਪ ਪ੍ਰਧਾਨ, ਅਖਿਲ ਭਾਰਤੀ ਰਵਿਦਾਸੀਆ ਸੰਗਠਨ ਨੇ ਧਾਰਮਿਕ ਕੀਰਤਨ ਅਤੇ ਗੁਰਬਾਣੀ ਦੇ ਰਸਭਰੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਸਹਿਜਪਾਲ ਲਾਡਾ, ਗੁਰਮੇਲ ਸਿੰਘ, ਨਰਿੰਦਰ ਸਿੰਘ, ਕਪਤਾਨ ਸਿੰਘ ਚਮਾਰੂ, ਲਖਬੀਰ ਗੁੱਜਰ,ਮੇਹਰ ਸਿੰਘ ਸਰਪੰਚ ਮਰਦਾਂਪੁਰ, ਗੁਰਤਾਜ ਸੰਧੂ, ਕੁਲਵੰਤ ਸਿੰਘ ਸਮੇਤ ਵੱਡੀ ਗਿਣਤੀ ’ਚ ਸੰਗਤ ਮੌਜੂਦ ਸੀ।