ਹਾਮਝੇੜੀ ਵਿਖੇ ਚੌਥਾ ਜਾਗ੍ਰਿਤੀ ਸੰਤ ਸਮਾਗਮ ਕਰਵਾਇਆ
ਹਾਮਝੇੜੀ ਵਿਖੇ ਚੌਥੇ ਜਾਗਰਿਤੀ ਸੰਤ ਸਮਾਗਮ ਦਾ ਆਯੋਜਨ
Publish Date: Mon, 13 Apr 2026 04:38 PM (IST)
Updated Date: Mon, 13 Apr 2026 04:43 PM (IST)

ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਪਿੰਡ ਹਾਮਝੇੜੀ ਵਿਖੇ ਭਾਰਤੀ ਸੰਵਿਧਾਨ ਦੇ ਰਚੇਤਾ ਡਾ. ਬੀਆਰ ਅੰਬੇਡਕਰ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਚੌਥਾ ਜਾਗ੍ਰਿਤੀ ਸੰਤ ਸਮਾਗਮ ਕਰਵਾਇਆ ਗਿਆ। ਡਾ. ਬੀਆਰ ਅੰਬੇਡਕਰ ਵੈਲਫੇਅਰ ਕਲੱਬ ਰਜਿ ਵਲੋਂ 108 ਸੰਤ ਨਿਰੰਜਨ ਦਾਸ ਜੀ ਦੀ ਪ੍ਰੇਰਣਾ ਨਾਲ ਕਰਵਾਏ ਗਏ ਇਸ ਸੰਤ ਸਮਾਗਮ ਵਿਚ ਬਾਬਾ ਜਗਦੀਸ਼ ਦਾਸ ਮੰਗਵੀਂ ਡੇਰਾ ਬੋਪੁਰ ਵਾਲਿਆਂ ਨੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਸੈਕੜਿਆਂ ਦੀ ਗਿਣਤੀ ਵਿਚ ਸੰਗਤਾਂ ਨੂੰ ਸ਼੍ਰੋਮਣੀ ਸੰਤ ਸਤਿਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਉਨਾਂ ਦੇ ਉਪਦੇਸ਼ਾਂ ਬਾਰੇ ਦੱਸਿਆ। ਇਸ ਸਮਾਰੋਹ ਦੌਰਾਨ ਇਲਾਕੇ ਦੀਆਂ ਬਹੁਤ ਸਾਰੀਆਂ ਰਾਜਨੀਤਿਕ ਸ਼ਖਸੀਅਤਾਂ ਨੇ ਹਾਜ਼ਰੀ ਭਰੀ, ਜਿਨਾਂ ਵਿੱਚ ਹਲਕਾ ਸ਼ੁਤਰਾਣਾ ਦੇ ਸਰਗਰਮ ਲੋਕ ਆਗੂ ਡਾਕਟਰ ਜਤਿੰਦਰ ਸਿੰਘ ਮੱਟੂ, ਚੇਅਰਮੈਨ ਤਜਿੰਦਰ ਸਿੰਘ ਤੇਜੀ ਬੂਰੜ, ਸਰਪੰਚ ਪ੍ਰਹਲਾਦ ਸਿੰਘ ਨਿਆਲ, ਸਰਪੰਚ ਜਰਨੈਲ ਸਿੰਘ ਜੈਲੀ ਹਾਮਝੇੜੀ ਅਤੇ ਮਾਸਟਰ ਗੁਰ ਧਿਆਨ ਸਿੰਘ ਪ੍ਰਮੁੱਖ ਸਨ। ਜੁੜੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਲੋਕ ਆਗੂ ਡਾ ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਜੀ ਨੇ ਐਸੇ ਰਾਜ ਦੀ ਕਲਪਨਾ ਕੀਤੀ ਜਿੱਥੇ ਵੱਸਦੇ ਲੋਕਾਂ ਨੂੰ ਕਿਸੇ ਤਰਾਂ ਦੀ ਚਿੰਤਾ ਨਾ ਹੋਵੇ, ਕਿਸੇ ਤੋਂ ਡਰ ਭੈਅ ਨਾ ਹੋਵੇ, ਕਿਸੇ ਨੂੰ ਰੋਟੀ ਦੀ ਚਿੰਤਾ ਨਾ ਹੋਵੇ। ਜਿੱਥੇ ਸਾਰੇ ਇਕ ਬਰਾਬਰ ਵੱਸਦੇ ਹੋਣ ਜਿੱਥੇ ਕੋਈ ਵੱਡਾ ਛੋਟਾ ਨਾ ਹੋਵੇ, ਕੋਈ ਊਚ ਨੀਚ ਨਾ ਹੋਵੇ। ਮੌਜੂਦਾ ਸਰਕਾਰਾਂ ਨੇ ਗਰੀਬ ਲੋਕਾਂ ਦੇ ਹੱਕ ਹਕੂਕਾਂ ਨੂੰ ਕੁਚਲ ਦਿੱਤਾ ਹੈ ਜਿਸ ਕਾਰਣ ਅੱਜ ਸਾਨੂੰ ਆਪਣੇ ਹੱਕ ਹਕੂਕਾਂ ਲਈ ਸੜਕਾਂ ‘ਤੇ ਸੰਘਰਸ਼ ਕਰਨੇ ਪੈ ਰਹੇ ਹਨ। ਉਨਾਂ ਕਿਹਾ ਕਿ ਪਿੰਡਾਂ ਵਿੱਚ ਵੱਸਦੇ ਲੋਕ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਦਿਵਾਉਣ ਤਾਂ ਜੋ ਪੜ ਲਿਖ ਕੇ ਨੌਜਵਾਨ ਆਪਣੇ ਹੱਕਾਂ ਤੋਂ ਜਾਣੂ ਹੋ ਕੇ ਸੰਘਰਸ਼ ਕਰ ਸਕਣ। ਸਮਾਗਮ ਦੌਰਾਨ ਪ੍ਰਬੰਧਕਾਂ ਵੱਲੋਂ ਪੁੱਜੀਆਂ ਅਹਿਮ ਸ਼ਖਸ਼ੀਅਤਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਨੁਮਾਇੰਦਿਆਂ ਵਿੱਚ ਮਨਪ੍ਰੀਤ ਸਿੰਘ, ਦਿਲਪ੍ਰੀਤ ਸਿੰਘ, ਸਹਿਜਦੀਪ ਸਿੰਘ, ਲਵਪ੍ਰੀਤ ਸਿੰਘ, ਸੰਦੀਪ ਸਿੰਘ, ਸਤਿਗੁਰ ਸਿੰਘ, ਰਾਜੂ ਸਿੰਘ, ਗੁਰਪ੍ਰੀਤ ਸਿੰਘ, ਗੁਰਤੇਜ ਸਿੰਘ, ਅਮਨਦੀਪ ਸਿੰਘ, ਮਿਸ਼ਰਾ ਸਿੰਘ, ਮਲਕੀਤ ਸਿੰਘ, ਖੁਸ਼ੀ ਸ਼ੇਰਗੜ ਆਦਿ ਹਾਜ਼ਰ ਸਨ।