ਸੰਤ ਹਰਨਾਮ ਸਿੰਘ ਦੀ 78ਵੀਂ ਬਰਸੀ ਮਨਾਈ
ਸੰਤ ਬਾਬਾ ਹਰਨਾਮ ਸਿੰਘ ਦੀ 78ਵੀਂ ਸਲਾਨਾ ਬਰਸੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ
Publish Date: Sun, 22 Mar 2026 05:16 PM (IST)
Updated Date: Sun, 22 Mar 2026 05:19 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਹਲਕਾ ਘਨੌਰ ਦੇ ਪਿੰਡ ਸ਼ੰਭੂ ਕਲਾਂ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਸੰਤ ਹਰਨਾਮ ਸਿੰਘ ਦੀ 78ਵੀਂ ਸਾਲਾਨਾ ਬਰਸੀ ਬੜੀ ਸ਼ਰਧਾ, ਭਾਵਨਾ ਅਤੇ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਸਵੇਰੇ ਤੋਂ ਹੀ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦਾ ਆਉਣਾ-ਜਾਣਾ ਲੱਗਾ ਰਿਹਾ ਤੇ ਗੁਰੂ ਘਰ ਵਿਚ ਰੱਬੀ ਬਾਣੀ ਦੇ ਕੀਰਤਨ ਨਾਲ ਆਧਿਆਤਮਿਕ ਮਾਹੌਲ ਬਣਿਆ ਰਿਹਾ। ਸੰਗਤਾਂ ਨੇ ਨਤਮਸਤਕ ਹੋ ਕੇ ਸੰਤ ਹਰਨਾਮ ਸਿੰਘ ਦੀ ਯਾਦ ਵਿਚ ਅਰਦਾਸ ਕੀਤੀ ਅਤੇ ਉਨ੍ਹਾਂ ਦੇ ਦਿਖਾਏ ਸੱਚਾਈ, ਸੇਵਾ ਅਤੇ ਨਿਮਰਤਾ ਦੇ ਰਸਤੇ ’ਤੇ ਚੱਲਣ ਦਾ ਸੰਕਲਪ ਲਿਆ। ਇਸ ਧਾਰਮਿਕ ਸਮਾਗਮ ਵਿੱਚ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਸਿੰਘ ਘਨੌਰ, ਗਗਨਦੀਪ ਸਿੰਘ ਜੋਲੀ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਹਲਕਾ ਘਨੌਰ ਦੇ ਇੰਚਾਰਜ ਸਰਬਜੀਤ ਸਿੰਘ ਝਿੰਜਰ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਇਸ ਮੌਕੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਧੰਨ ਸੰਤ ਬਾਬਾ ਹਰਨਾਮ ਸਿੰਘ ਵਰਗੇ ਮਹਾਨ ਸੰਤਾਂ ਨੇ ਆਪਣੀ ਜ਼ਿੰਦਗੀ ਲੋਕ ਭਲਾਈ, ਧਾਰਮਿਕ ਪ੍ਰਚਾਰ ਅਤੇ ਸਮਾਜ ਨੂੰ ਇਕਤਾ ਦੇ ਸੂਤਰ ਵਿੱਚ ਜੋੜਨ ਲਈ ਸਮਰਪਿਤ ਕੀਤੀ। ਉਨ੍ਹਾਂ ਦੀਆਂ ਸਿੱਖਿਆਵਾਂ ਅੱਜ ਵੀ ਲੋਕਾਂ ਨੂੰ ਸੱਚੇ ਅਤੇ ਨੈਤਿਕ ਜੀਵਨ ਵੱਲ ਪ੍ਰੇਰਿਤ ਕਰਦੀਆਂ ਹਨ।ਸਮਾਗਮ ਦੌਰਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈ ਹੋਈ ਸੰਗਤ ਲਈ ਲੰਗਰ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਜਿਸ ਵਿੱਚ ਵੱਡੀ ਗਿਣਤੀ ’ਚ ਸੰਗਤਾਂ ਨੇ ਪ੍ਰਸਾਦ ਛਕਿਆ। ਸੇਵਾਦਾਰਾਂ ਨੇ ਬੜੀ ਨਿਸ਼ਠਾ ਅਤੇ ਸੇਵਾ ਭਾਵਨਾ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਇਸ ਮੌਕੇ ਗੁਰਦੀਪ ਸਿੰਘ ਉਂਟਸਰ, ਮੋਹਨ ਸਿੰਘ ਸਾਬਕਾ ਸਰਪੰਚ ਸ਼ੰਭੂ ਕਲਾਂ, ਬਹਾਦਰ ਸਿੰਘ, ਅਮਰਜੀਤ ਸਿੰਘ, ਸਤਨਾਮ ਸਿੰਘ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ, ਧਾਰਮਿਕ ਸ਼ਖ਼ਸੀਅਤਾਂ ਅਤੇ ਸੰਗਤਾਂ ਹਾਜ਼ਰ ਸਨ, ਜਿਨ੍ਹਾਂ ਨੇ ਸੰਤ ਬਾਬਾ ਹਰਨਾਮ ਸਿੰਘ ਜੀ ਦੀ ਯਾਦ ਵਿੱਚ ਹੋਏ ਇਸ ਧਾਰਮਿਕ ਸਮਾਗਮ ਵਿੱਚ ਸ਼ਿਰਕਤ ਕਰਕੇ ਆਪਣੀ ਸ਼ਰਧਾ ਭੇਟ ਕੀਤੀ।