ਸਫਾਈ ਕਾਮਿਆਂ ਨੇ ਨਗਰ ਕੌਂਸਲ ਨੂੰ ਦਿੱਤਾ 20 ਜਨਵਰੀ ਤੱਕ ਦਾ ਅਲਟੀਮੇਟਮ
ਸਫਾਈ ਕਾਮਿਆਂ ਨੇ ਨਗਰ ਕੌਂਸਲ ਨੂੰ ਦਿੱਤਾ 20 ਜਨਵਰੀ ਤੱਕ ਦਾ ਅਲਟੀਮੇਟਮ
Publish Date: Mon, 05 Jan 2026 04:26 PM (IST)
Updated Date: Tue, 06 Jan 2026 04:00 AM (IST)

ਸ਼ਹਿਰ ’ਚ ਵਿਗੜੀ ਸਫਾਈ ਵਿਵਸਥਾ, ਕਾਮਿਆ ਜਤਾਇਆ ਰੋਸ ਸਫਾਈ ਕਾਮਿਆਂ ਨੇ ਦਿੱਤਾ ਚਿਤਾਵਨੀ ਮਸਲੇ ਹੱਲ ਨਾ ਹੋਏ ਤਾਂ ਕਰਾਂਗੇ ਕੰਮ ਛੱਡ ਹੜਤਾਲ : ਭਾਰਤ ਬੇਦੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਨਗਰ ਕੌਂਸਲ ਵੱਲੋ ਸ਼ਹਿਰ ਵਿਚ ਡੋਰ ਟੂ ਡੋਰ ਕੂੜਾ ਇਕੱਠਾ ਕਰਨ ਦਾ ਦਿੱਤੇ ਜਾ ਰਹੇ ਠੇਕੇ ਦਾ ਸਫਾਈ ਕਾਮਿਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਕਾਮਿਆਂ ਦਾ ਤਰਕ ਹੈ ਕਿ ਇਹ ਕੰਮ ਠੇਕੇ ’ਤੇ ਦੇਣ ਦੀ ਬਜਾਏ ਉਨ੍ਹਾਂ ਨੂੰ ਭਰਤੀ ਕਰ ਕੇ ਕੰਮ ਉਨ੍ਹਾਂ ਤੋਂ ਲਿਆ ਜਾਵੇ। ਇਸ ਸਬੰਧੀ ਕਾਮਿਆਂ ਨੇ ਨਗਰ ਕੌਂਸਲ ਦੇ ਪ੍ਰਧਾਨ, ਕਾਰਜ ਸਾਧਕ ਅਫਸਰ ਤੇ ਕੌਂਸਲਰਾਂ ਨੂੰ ਆਪਣੀਆਂ ਮੰਗਾਂ ਸਬੰਧੀ ਚਿਤਾਵਨੀ ਪੱਤਰ ਦਿੰਦਿਆਂ ਕਿਹਾ ਕਿ ਜੇਕਰ 20 ਜਨਵਰੀ ਤੱਕ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਉਹ ਕੰਮ ਛੱਡ ਹੜਤਾਲ ’ਤੇ ਚਲੇ ਜਾਣਗੇ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ ਨੇ ਕਿਹਾ ਕਿ ਸ਼ਹਿਰ ਦੀ ਸਫਾਈ ਲਈ ਦੋ ਡਰਾਈਵਰ ਭਰਤੀ ਕੀਤੇ ਜਾਣ, ਸੌ ਸਫਾਈ ਸੇਵਕਾਂ ਦੀ ਭਰਤੀ ਕੀਤੀ ਜਾਵੇ, ਆਊਟਸੋਰਸ ’ਤੇ ਕੰਮ ਕਰਦੇ ਸਫਾਈ ਸੇਵਕਾਂ ਨੂੰ ਕੰਟਰੈਕਟ ’ਤੇ ਕੀਤਾ ਜਾਵੇ, ਨਗਰ ਕੌਂਸਲ ਦੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਵੈਟ ਦੁੱਗਣਾ ਕਰਵਾਇਆ ਜਾਵੇ, ਕਿਉਂਕਿ ਮੁਲਾਜ਼ਮਾਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਤੇ ਵਿਆਹ ਲਈ ਕਰਜੇ ਲਏ ਹੋਏ ਹਨ ਤੇ ਤਨਖਾਹ ਸਮੇਂ ਸਿਰ ਨਾ ਪੈਣ ਕਾਰਨ ਵਿਆਜ ਦੁੱਗਣਾ ਪੈ ਜਾਂਦਾ ਹੈ। ਸਫਾਈ ਸੇਵਕਾਂ ਨੂੰ ਕੂੜਾ ਸੁੱਟਣ ਦੀ ਜਗ੍ਹਾਂ ਦਿੱਤੀ ਜਾਵੇ, ਕੱਚੇ ਤੇ ਪੱਕੇ ਸਫਾਈ ਸੇਵਕਾਂ ਤੇ ਡਰਾਈਵਰਾਂ ਦਾ ਬੀਮਾ ਕੀਤਾ ਜਾਵੇ, ਸਫਾਈ ਸੇਵਕਾਂ ਨੂੰ ਕੰਮ ਕਰਨ ਲਈ ਰੇਹੜੀਆਂ ਤੇ ਰੇਹੜੇ ਦਿੱਤੇ ਜਾਣ, ਮਈ 2023 ਤੋਂ ਦਸੰਬਰ 2025 ਤਕ ਪੀਐੱਫ ਦਿੱਤਾ ਜਾਵੇ, ਟਰਾਲੀਆਂ ਦੇ ਕੰਮ ਸਵੇਰੇ 7 ਤੋਂ 12 ਅਤੇ ਦੁਪਹਿਰ 2 ਤੋਂ ਸ਼ਾਮ 5 ਵਜੇ ਤਕ ਸਫਾਈ ਸੇਵਕਾਂ ਤੇ ਡਰਾਈਵਰਾਂ ਤੋਂ ਕੰਮ ਲੈਣ ਦਾ ਸਮਾਂ ਨਿਰਧਾਰਤ ਕੀਤਾ ਜਾਵੇ। 27 ਸਫਾਈ ਸੇਵਕਾਂ ਦੀ ਸਰਵਿਸ ਬੁੱਕ ਲਾਈ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸੋਮਵਾਰ ਨੂੰ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਕੌਂਸਲਰਾਂ ਨਾਲ ਮੀਟਿੰਗ ਹੋਈ ਜਿਸ ਵਿਚ ਸਫਾਈ ਸੇਵਕਾਂ ਨੇ ਨਗਰ ਕੌਂਸਲ ਨੂੰ 20 ਜਨਵਰੀ ਤੱਕ ਮਸਲੇ ਹੱਲ ਕਰਨ ਦਾ ਸਮਾਂ ਦਿੱਤਾ ਹੈ। ਜੇਕਰ ਇਸ ਸਮੇਂ ਦੌਰਾਨ ਉਨ੍ਹਾਂ ਦੇ ਮਸਲੇ ਹੱਲ ਨਾ ਹੋਏ ਤਾਂ ਉਹ ਕੰਮ ਛੱਡ ਹੜਤਾਲ ਸ਼ੂਰ ਕਰ ਦੇਣਗੇ। ਇਸ ਮੌਕੇ ਨਾਥਾ ਰਾਮ, ਰਜਿੰਦਰ ਬਿਡਲਾਨ, ਊਸ਼ਾ ਦੇਵੀ, ਰਮੇਸ਼ ਝਝੋਟੜ, ਸੁਰੇਸ਼ ਬੇਦੀ, ਸੁਰੇਸ਼ ਬਾਂਦੜ, ਰਾਜੇਸ਼ ਝਝੋਟੜ, ਰਾਜੇਸ਼ ਬਾਂਗੜੀ ਮੌਜੂਦ ਸਨ।