ਸੰਗਰੂਰ ਦੇ ਵਿਦਿਆਰਥੀਆਂ ਨੇ ਹਾਸਲ ਕੀਤੀਆਂ 10 ਸਟੇਟ ਮੈਰਿਟਾਂ
ਸੰਗਰੂਰ ਦੇ ਵਿਦਿਆਰਥੀਆਂ ਨੇ ਹਾਸਲ ਕੀਤੀਆਂ 10 ਸਟੇਟ ਮੈਰਿਟਾਂ
Publish Date: Sat, 11 Apr 2026 04:03 PM (IST)
Updated Date: Sun, 12 Apr 2026 04:00 AM (IST)

ਜਪਨੀਤ ਕੌਰ ਨੇ ਪੰਜਾਬ ਭਰ ’ਚੋਂ ਹਾਸਲ ਕੀਤਾ ਦੂਜਾ ਸਥਾਨ ਸਿੱਖਿਆ ਖੇਤਰ ’ਚ ਸੰਗਰੂਰ ਨੇ ਬੁਲੰਦੀਆਂ ਨੂੰ ਛੂਹਿਆ : ਡੀਈਓ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿਚ ਜ਼ਿਲ੍ਹਾ ਸੰਗਰੂਰ ਦੇ ਵਿਦਿਆਰਥੀਆਂ ਨੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦਿਆਂ ਸੂਬਾ ਪੱਧਰੀ ਮੈਰਿਟ ਸੂਚੀ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਤਰਵਿੰਦਰ ਕੌਰ ਅਤੇ ਡਿਪਟੀ ਡੀਈਓ (ਸੈਕੰਡਰੀ) ਮਨਜੀਤ ਕੌਰ ਨੇ ਸਮੂਹ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ। ਡੀਈਓ ਤਰਵਿੰਦਰ ਕੌਰ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਸਾਡੇ 10 ਹੋਣਹਾਰ ਵਿਦਿਆਰਥੀਆਂ ਨੇ ਸਟੇਟ ਮੈਰਿਟ ’ਚ ਜਗ੍ਹਾ ਬਣਾਈ ਹੈ। ਇਹ ਪ੍ਰਾਪਤੀ ਇਹ ਦਰਸਾਉਂਦੀ ਹੈ ਕਿ ਜ਼ਿਲ੍ਹੇ ਦੇ ਸਿੱਖਿਆ ਸੰਸਥਾਨਾਂ ਵਿੱਚ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਯਤਨ ਅਤੇ ਅਧਿਆਪਕਾਂ ਵੱਲੋਂ ਦਿਨ-ਰਾਤ ਕੀਤੀ ਗਈ ਮਿਹਨਤ ਸਫਲ ਹੋ ਰਹੀ ਹੈ। ਜਪਨੀਤ ਕੌਰ ਨੇ ਪੂਰੇ ਪੰਜਾਬ ਵਿੱਚੋਂ ਦੂਜਾ ਸਥਾਨ ਹਾਸਲ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਡਿਪਟੀ ਡੀਈਓ (ਸੈਕੰਡਰੀ) ਮਨਜੀਤ ਕੌਰ ਨੇ ਕਿਹਾ ਕਿ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਆਪਣੀ ਜਗ੍ਹਾ ਬਣਾ ਕੇ ਸਿੱਖਿਆ ਦੇ ਖੇਤਰ ਵਿੱਚ ਸੰਗਰੂਰ ਦਾ ਦਬਦਬਾ ਕਾਇਮ ਰੱਖਿਆ ਹੈ। ਵਿਭਾਗ ਵੱਲੋਂ ਸਾਂਝੇ ਕੀਤੇ ਵੇਰਵਿਆਂ ਅਨੁਸਾਰ ਜ਼ਿਲ੍ਹੇ ਦੇ ਕੁੱਲ 10 ਵਿਦਿਆਰਥੀਆਂ ਨੇ ਰਾਜ ਪੱਧਰੀ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਹੈ। ਜਿਨ੍ਹਾਂ ਵਿੱਚੋਂ ਸਰਕਾਰੀ ਮਿਡਲ ਸਕੂਲ ਅਰਕਵਾਸ ਦੀ ਵਿਦਿਆਰਥਣ ਜਪਨੀਤ ਕੌਰ ਨੇ 99.67 ਫੀਸਦੀ ਅੰਕਾਂ ਨਾਲ ਪੰਜਾਬ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ 16ਵਾਂ ਸੂਬਾ ਪੱਧਰੀ ਰੈਂਕ ਹਾਸਲ ਕਰਨ ਵਾਲਿਆਂ ਵਿੱਚ ਖੁਸ਼ਪ੍ਰੀਤ ਕੌਰ (ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁੱਲਰਹੇੜੀ) ਅਤੇ ਜਾਗ੍ਰਿਤੀ ਰਾਣੀ (ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੁਨਾਮ) ਨੇ 584 ਅੰਕਾਂ ਨਾਲ ਜ਼ਿਲ੍ਹੇ ਦਾ ਮਾਣ ਵਧਾਇਆ ਹੈ। ਇਸ ਤੋਂ ਇਲਾਵਾ ਸੰਗਰੂਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੰਗਵਾਲ, ਆਸ਼ੀਰਵਾਦ ਡੇਅ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ, ਸਾਧੂ ਆਸ਼ਰਮ ਐੱਸਵੀਐੱਮ ਹਰੀਪੁਰਾ ਰੋਡ ਸੰਗਰੂਰ, ਹੋਲੀ ਹਾਰਟ ਪਬਲਿਕ ਸਕੂਲ ਕਰੋੜਾ, ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਫ਼ਤਹਿਗੜ੍ਹ ਅਤੇ ਸਵਾਮੀ ਵਿਵੇਕਾਨੰਦ ਇੰਟਰਨੈਸ਼ਨਲ ਹਾਈ ਸਕੂਲ ਅੰਦਾਨਾ ਦੇ ਵਿਦਿਆਰਥੀਆਂ ਨੇ ਵੀ ਸਟੇਟ ਮੈਰਿਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।