ਬਲੈਕਆਉਟ ਮੌਕ ਡ੍ਰਿੱਲ ਲਈ ਸੰਗਰੂਰ ਤਿਆਰ
ਬਲੈਕਆਉਟ ਮੌਕ ਡ੍ਰਿਲ ਲਈ ਸੰਗਰੂਰ ਤਿਆਰ
Publish Date: Thu, 23 Apr 2026 05:18 PM (IST)
Updated Date: Fri, 24 Apr 2026 04:04 AM (IST)

ਡੀਸੀ ਨੇ ਸ਼ਹਿਰ ਵਿਆਪੀ ਬਲੈਕਆਉਟ ਮੌਕੇ ਅਭਿਆਸ ਲਈ ਜਾਇਜ਼ਾ ਲਿਆ ਸਿਵਲ ਹਸਪਤਾਲ ਨੂੰ ਛੱਡ ਕੇ ਸ਼ਹਿਰ ਦੀ ਬਿਜਲੀ 15 ਮਿੰਟ ਲਈ ਹੀ ਬੰਦ ਰਹੇਗੀ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : 24 ਅਪ੍ਰੈਲ ਨੂੰ ਰਾਤ 8 ਵਜੇ ਤੋਂ 8:15 ਵਜੇ ਤਕ ਸੰਗਰੂਰ ਸ਼ਹਿਰ ਵਿਚ ਹੋਣ ਵਾਲੇ ਪਹਿਲੇ ਸਿਵਲ ਡਿਫੈਂਸ ਏਅਰ ਰੇਡ ਅਤੇ ਬਲੈਕਆਉਟ ਮੌਕ ਅਭਿਆਸ ਦੇ ਮੱਦੇਨਜ਼ਰ ਸੰਗਰੂਰ ਦੇ ਡੀਸੀ ਰਾਹੁਲ ਚਾਬਾ ਨੇ ਵੀਰਵਾਰ ਨੂੰ ਇੱਥੇ ਫੌ਼ਜ, ਪੁਲਿਸ, ਹੋਮ ਗਾਰਡਜ, ਸਿਹਤ ਵਿਭਾਗ, ਬਿਜਲੀ ਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਇਕ ਵਿਆਪਕ ਮੀਟਿੰਗ ਕੀਤੀ। ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡੀਸੀ ਨੇ ਸਪੱਸ਼ਟ ਕੀਤਾ ਕਿ ਇਹ ਅਭਿਆਸ ਪੂਰੀ ਤਰ੍ਹਾਂ ਇਕ ਮੌਕ ਡ੍ਰਿਲ ਹੈ ਜਿਸਦਾ ਉਦੇਸ਼ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਤਿਆਰੀ ਤੇ ਹੰਗਾਮੀ ਸਥਿਤੀ ਨਾਲ ਨਜਿੱਠਣ ਦਾ ਮੁਲਾਂਕਣ ਕਰਨਾ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਘਬਰਾਉਣ ਤੇ ਅਫਵਾਹਾਂ ਫੈਲਾਉਣ ਜਾਂ ਵਿਸ਼ਵਾਸ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਪੂਰੀ ਤਰ੍ਹਾਂ ਤਿਆਰ ਰਹਿਣ ਤੇ ਡ੍ਰਿਲ ਦੌਰਾਨ ਪ੍ਰਭਾਵਸ਼ਾਲੀ ਤਾਲਮੇਲ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ, ਖਾਸ ਕਰਕੇ ਹਵਾਈ ਹਮਲਿਆਂ ਤੇ ਬਲੈਕਆਉਟ ਸਥਿਤੀਆਂ ਨਾਲ ਸਬੰਧਤ ਸਥਿਤੀਆਂ ਲਈ। ਉਨ੍ਹਾਂ ਦੱਸਿਆ ਕਿ ਸੰਗਰੂਰ ਸ਼ਹਿਰ ਵਿੱਚ ਸਿਵਲ ਹਸਪਤਾਲ ਨੂੰ ਛੱਡ ਕੇ ਬਿਜਲੀ ਸਪਲਾਈ ਰਾਤ 8:00 ਵਜੇ ਸਿਰਫ਼ 15 ਮਿੰਟ ਲਈ ਬੰਦ ਕੀਤੀ ਜਾਵੇਗੀ, ਜਦੋਂ ਕਿ ਮੁੱਖ ਮੌਕ ਡ੍ਰਿਲ ਗਤੀਵਿਧੀਆਂ ਸਥਾਨਕ ਆਰਮੀ ਏਰੀਆ ਵਿੱਚ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਅਜਿਹੀ ਮੌਕ ਡ੍ਰਿਲ ਸਾਲ ਵਿੱਚ ਦੋ ਵਾਰ ਕੀਤੀ ਜਾਣੀ ਹੈ। ਇਹ ਪਹਿਲੀ ਡ੍ਰਿਲ ਹੋਵੇਗੀ ਜਿਸ ਵਿੱਚ ਪੁਲਿਸ, ਫੌਜ, ਅੱਗ ਬੁਝਾਊ, ਸਿਹਤ, ਬਿਜਲੀ ਅਤੇ ਸਿਵਲ ਡਿਫੈਂਸ ਏਜੰਸੀਆਂ ਸਮੇਤ ਹੋਰਨਾਂ ਵਿਭਾਗਾਂ ਦੀ ਤਾਲਮੇਲ ਸ਼ਾਮਲ ਹੋਵੇਗਾ। ਡੀਐਸਪੀ ਕਰਨੈਲ ਸਿੰਘ ਨੇ ਸੰਗਰੂਰ ਪੁਲਿਸ ਦੁਆਰਾ ਆਮ ਜਨਤਾ ਲਈ ਜਾਰੀ ਕੀਤੇ ਗਏ ਸੁਰੱਖਿਆ ਦਿਸ਼ਾ-ਨਿਰਦੇਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਲੋਕਾਂ ਨੂੰ ਬਲੈਕਆਊਟ ਦੌਰਾਨ ਰੌਸ਼ਨੀ ਦੇ ਅਨੁਸ਼ਾਸਨ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ, ਖਿੜਕੀਆਂ ਵਿੱਚੋਂ ਰੌਸ਼ਨੀ ਬਾਹਰ ਦਿੱਸਣ ਤੋਂ ਰੋਕਣ ਲਈ ਮੋਟੇ ਪਰਦੇ ਲਗਾਏ ਜਾਣ ਅਤੇ ਸਾਰੀਆਂ ਬਾਹਰੀ ਲਾਈਟਾਂ ਬੰਦ ਕਰਨ ਦੀ ਅਪੀਲ ਕੀਤੀ ਗਈ ਹੈ। ਮੀਟਿੰਗ ਵਿੱਚ ਸਥਾਨਕ ਫੌਜੀ ਅਧਿਕਾਰੀ, ਸਿਵਲ ਸਰਜਨ ਡਾ. ਅਮਰਜੀਤ ਕੌਰ, ਬਿਜਲੀ ਨਿਗਮ ਦੇ ਕਾਰਜਕਾਰੀ ਇੰਜੀਨੀਅਰ ਵਰਿੰਦਰ ਦੀਪਕ, ਹੋਮ ਗਾਰਡ ਅਧਿਕਾਰੀ ਅਮਰਿੰਦਰ ਸਿੰਘ ਅਤੇ ਹੋਰ ਸੀਨੀਅਰ ਅਫਸਰ ਸ਼ਾਮਲ ਸਨ।