ਬੁਨਿਆਦੀ ਮਾਪਦੰਡਾਂ ਤੇ ਖਰਾ ਨਾ ਉਤਰ ਸਕਿਆ ਸੰਗਰੂਰ ਦਾ ਸਿਵਲ ਹਸਪਤਾਲ
ਬੁਨਿਆਦੀ ਮਾਪਦੰਡਾਂ ਤੇ ਖਰਾ ਨਾ ਉਤਰ ਸਕਿਆ ਸੰਗਰੂਰ ਦਾ ਸਿਵਲ ਹਸਪਤਾਲ
Publish Date: Sun, 19 Apr 2026 06:32 PM (IST)
Updated Date: Mon, 20 Apr 2026 04:07 AM (IST)

ਕਾਇਆਕਲਪ ਰੈਂਕਿੰਗ 2025-26 ’ਚ ਸੰਗਰੂਰ ਸਣੇ ਤਿੰਨ ਜ਼ਿਲ੍ਹੇ ਨਹੀਂ ਬਣਾ ਪਾਏ ਜਗ੍ਹਾ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਸਵੱਛਤਾ, ਇਨਫੈਕਸ਼ਨ ਕੰਟਰੋਲ ਤੇ ਬਾਇਓ-ਮੈਡੀਕਲ ਵੈਸਟ ਪ੍ਰਬੰਧਨ ਵਰਗੇ ਬੁਨਿਆਦੀ ਮਾਪਦੰਡਾਂ ’ਤੇ ਖਰਾ ਉਤਰਣ ਵਿਚ ਜ਼ਿਲ੍ਹਾ ਸੰਗਰੂਰ ਦਾ ਮੁੱਖ ਸਿਵਲ ਹਸਪਤਾਲ ਇਕ ਵਾਰ ਫਿਰ ਨਾਕਾਮ ਸਾਬਤ ਹੋਇਆ ਹੈ। ਵਰ੍ਹਾ 2025-26 ਦੀ ਕਾਇਆਕਲਪ ਰੈਂਕਿੰਗ ਵਿੱਚ ਜਿੱਥੇ ਪੰਜਾਬ ਦਾ ਲੁਧਿਆਣਾ ਸਿਵਲ ਹਸਪਤਾਲ ਜ਼ਿਲ੍ਹਾ ਹਸਪਤਾਲਾਂ ਵਿੱਚੋ ਪਹਿਲੇ ਸਥਾਨ ‘ਤੇ ਰਹਿੰਦੇ ਹੋਏ ਸੂਬੇ ਭਰ ਵਿੱਚ ਮਿਸਾਲ ਬਣਿਆ, ਉੱਥੇ ਸਿਵਲ ਹਸਪਤਾਲ ਸੰਗਰੂਰ ਘੱਟੋ-ਘੱਟ 70 ਫੀਸਦੀ ਅੰਕਾਂ ਦੀ ਹੱਦ ਵੀ ਪਾਰ ਨਹੀਂ ਕਰ ਸਕਿਆ। ਇਸ ਨਾਕਾਮੀ ਨੇ ਨਾ ਸਿਰਫ ਹਸਪਤਾਲ ਪ੍ਰਬੰਧਨ ਜਾਂ ਜ਼ਿਲ੍ਹਾ ਸਿਹਤ ਵਿਭਾਗ ਦੀ ਕਾਰਗੁਜ਼ਾਰੀ ‘ਤੇ, ਸਗੋਂ ਸਰਕਾਰ ਦੀਆਂ ਸਿਹਤ ਸੇਵਾਵਾਂ ‘ਤੇ ਵੀ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਿਵਲ ਹਸਪਤਾਲ ਵਿੱਚ ਰੋਜ਼ਾਨਾ 1200-1500 ਮਰੀਜ਼ ਇਲਾਜ ਲਈ ਪਹੁੰਚਦੇ ਹਨ। ਪੂਰੇ ਜ਼ਿਲ੍ਹੇ ਦੀ ਸਿਹਤ ਸਹੂਲਤਾਂ ਦਾ ਢਾਂਚਾ ਇਸ ਹਸਪਤਾਲ ‘ਤੇ ਨਿਰਭਰ ਹੋਣ ਦੇ ਬਾਵਜੂਦ, ਇਸ ਦੇ ਹਾਲਾਤ ਬਦਤਰ ਬਣੇ ਹੋਏ ਹਨ। ਪੰਜਾਬ ਵਿੱਚ ਕੁੱਲ 877 ਸਿਹਤ ਸੰਸਥਾਵਾਂ ਦਾ ਮੁਲਾਂਕਣ ਕਾਇਆਕਲਪ ਯੋਜਨਾ ਤਹਿਤ ਕੀਤਾ ਗਿਆ। ਇਸ ਸਰਵੇਖਣ ਵਿੱਚ ਸੰਗਰੂਰ, ਮੋਗਾ ਅਤੇ ਫਿਰੋਜ਼ਪੁਰ ਵਰਗੇ ਜ਼ਿਲ੍ਹੇ ਪਿੱਛੇ ਰਹਿ ਗਏ। ਜਿਕਰਯੋਗ ਹੈ ਕਿ ਕਾਇਆਕਲਪ ਯੋਜਨਾ ਅਧੀਨ ਹਸਪਤਾਲਾਂ ਨੂੰ ਸਫਾਈ, ਸਾਫ-ਸੁਥਰਾ, ਇਨਫੈਕਸ਼ਨ ਕੰਟਰੋਲ, ਹੈਂਡ ਹਾਈਜੀਨ, ਮਰੀਜ਼ਾਂ ਲਈ ਸੁਰੱਖਿਅਤ ਮਾਹੌਲ ਅਤੇ ਬਾਇਓ-ਮੈਡੀਕਲ ਵੈਸਟ ਦੇ ਵਿਗਿਆਨਕ ਨਿਪਟਾਰੇ ਵਰਗੇ ਮਾਪਦੰਡਾਂ ‘ਤੇ ਪਰਖਿਆ ਜਾਂਦਾ ਹੈ। ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਜਦਕਿ ਕਮਜ਼ੋਰ ਪ੍ਰਦਰਸ਼ਨ ਵਾਲਿਆਂ ਨੂੰ ਸੁਧਾਰ ਲਈ ਨਿਰਦੇਸ਼ ਦਿੱਤੇ ਜਾਂਦੇ ਹਨ। ਸੰਗਰੂਰ ਸਿਵਲ ਹਸਪਤਾਲ ਦਾ ਲਗਾਤਾਰ ਪਿਛੜਣਾ ਕਿਸੇ ਇੱਕ ਸਾਲ ਦੀ ਗਲਤੀ ਨਹੀਂ, ਸਗੋਂ ਲਾਪਰਵਾਹੀ ਦੀ ਪੁਰਾਣੀ ਕਹਾਣੀ ਨੂੰ ਦੁਹਰਾਉਂਦਾ ਹੈ। ਹਸਪਤਾਲ ਵਿੱਚ ਗੇਟ ਨੰਬਰ ਦੋ ਦੇ ਨੇੜੇ ਖੁੱਲ੍ਹੇ ਵਿੱਚ ਕੂੜਾ ਸੁੱਟੇ ਜਾਣ ਅਤੇ ਬਾਇਓ-ਮੈਡੀਕਲ ਵੈਸਟ ਦੇ ਢੰਗ ਨਾਲ ਪ੍ਰਬੰਧਨ ਨਾ ਹੋਣ ਦੀਆਂ ਸ਼ਿਕਾਇਤਾਂ ਪਹਿਲਾਂ ਵੀ ਆ ਚੁੱਕੀਆਂ ਹਨ। ਇਸ ਗੰਭੀਰ ਮਾਮਲੇ ‘ਚ ਸ਼ਿਕਾਇਤ ਤੋਂ ਬਾਅਦ ਐਨਜੀਟੀ ਵੱਲੋਂ ਹਸਪਤਾਲ ਪ੍ਰਬੰਧਨ ਨੂੰ ਨੋਟਿਸ ਜਾਰੀ ਕੀਤਾ ਜਾਣਾ ਹਾਲਾਤ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਇਸ ਦੇ ਬਾਵਜੂਦ ਠੋਸ ਸੁਧਾਰ ਨਾ ਹੋਣਾ ਪ੍ਰਸ਼ਾਸਨਕ ਲਾਪਰਵਾਹੀ ਨੂੰ ਉਜਾਗਰ ਕਰਦਾ ਹੈ। ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ : ਕਾਲੜਾ ਸ਼ਹਿਰ ਵਾਸੀ ਸਮਾਜ ਸੇਵੀ ਜਤਿੰਦਰ ਕਾਲੜਾ ਨੇ ਕਿਹਾ ਕਿ ਹਸਪਤਾਲ ਵਿੱਚ ਸਫਾਈ ਦੀ ਵਿਵਸਥਾ ਸੰਤੋਸ਼ਜਨਕ ਨਹੀਂ ਹੈ। ਬਾਥਰੂਮਾਂ ਦੀ ਹਾਲਤ, ਵਾਰਡਾਂ ਵਿੱਚ ਸਫਾਈ ਅਤੇ ਕੂੜਾ ਪ੍ਰਬੰਧਨ ‘ਤੇ ਪਹਿਲਾਂ ਵੀ ਸਵਾਲ ਉੱਠਦੇ ਰਹੇ ਹਨ। ਇਨਫੈਕਸ਼ਨ ਕੰਟਰੋਲ ਵਰਗੇ ਸੰਵੇਦਨਸ਼ੀਲ ਮਾਮਲੇ ਵਿੱਚ ਲਾਪਰਵਾਹੀ ਸਿੱਧੇ ਤੌਰ ‘ਤੇ ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਹੈ। ਜਦੋਂ ਸਰਕਾਰੀ ਹਸਪਤਾਲ ਸਫਾਈ ਦੇ ਬੁਨਿਆਦੀ ਮਾਪਦੰਡਾਂ ‘ਤੇ ਖਰੇ ਨਹੀਂ ਉਤਰਦੇ, ਤਾਂ ਆਮ ਲੋਕਾਂ ਦਾ ਸਿਹਤ ਸੇਵਾਵਾਂ ‘ਤੇ ਭਰੋਸਾ ਡਗਮਗਾਉਣਾ ਸੁਭਾਵਿਕ ਹੈ। ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ : ਕਮਲ ਆਨੰਦ ਵਕੀਲ ਕਮਲ ਆਨੰਦ ਨੇ ਕਿਹਾ ਕਿ ਇਹ ਸਥਿਤੀ ਸਰਕਾਰ ਦੇ ਸਿਹਤ ਸੁਧਾਰ ਅਭਿਆਨਾਂ ‘ਤੇ ਵੀ ਪ੍ਰਸ਼ਨ ਚਿੰਨ੍ਹ ਲਾਉਂਦੀ ਹੈ। ਇੱਕ ਪਾਸੇ ਰਾਜ ਸਰਕਾਰ ਸਿਹਤ ਢਾਂਚੇ ਨੂੰ ਮਜ਼ਬੂਤ ਕਰਨ ਦੇ ਦਾਅਵੇ ਕਰਦੀ ਹੈ, ਦੂਜੇ ਪਾਸੇ ਜ਼ਿਲ੍ਹੇ ਦਾ ਸਭ ਤੋਂ ਵੱਡਾ ਸਰਕਾਰੀ ਹਸਪਤਾਲ ਹੀ ਮਾਪਦੰਡਾਂ ‘ਤੇ ਖਰਾ ਨਹੀਂ ਉਤਰ ਰਿਹਾ। ਸਵਾਲ ਇਹ ਹੈ ਕਿ ਕੀ ਸਿਹਤ ਵਿਭਾਗ ਨੇ ਪਿਛਲੇ ਸਾਲਾਂ ਦੀਆਂ ਕਮੀਆਂ ਤੋਂ ਕੋਈ ਸਬਕ ਲਿਆ? ਜੇ ਲਿਆ, ਤਾਂ ਨਤੀਜੇ ਕਿਉਂ ਨਹੀਂ ਦਿਸ ਰਹੇ? ਲੋੜ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਇਸ ਨਾਕਾਮੀ ਨੂੰ ਸਿਰਫ ਰਸਮੀ ਕਾਰਵਾਈ ਨਾ ਸਮਝਣ, ਸਗੋਂ ਇਸਨੂੰ ਚੇਤਾਵਨੀ ਵਜੋਂ ਲੈਣ। ਹਸਪਤਾਲ ਵਿੱਚ ਨਿਯਮਿਤ ਨਿਗਰਾਨੀ, ਜਵਾਬਦੇਹੀ ਤੈਅ ਕਰਨੀ, ਬਾਇਓ-ਮੈਡੀਕਲ ਵੈਸਟ ਪ੍ਰਬੰਧਨ ‘ਤੇ ਸਖ਼ਤ ਨਿਗਰਾਨੀ ਅਤੇ ਸਫਾਈ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਉਣਾ ਸਮੇਂ ਦੀ ਲੋੜ ਹੈ। ਜਦ ਤੱਕ ਜ਼ਿੰਮੇਵਾਰੀ ਤੈਅ ਨਹੀਂ ਹੁੰਦੀ ਅਤੇ ਲਾਪਰਵਾਹੀ ‘ਤੇ ਕਾਰਵਾਈ ਨਹੀਂ ਹੁੰਦੀ, ਤਦ ਤੱਕ ਸੰਗਰੂਰ ਸਿਵਲ ਹਸਪਤਾਲ ਦੀ ਤਸਵੀਰ ਬਦਲਣਾ ਮੁਸ਼ਕਿਲ ਦਿੱਸਦਾ ਹੈ।