30 ਗ੍ਰਾਮ ਹੈਰੋਇਨ ਤੇ 150 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ
ਯੁੱਧ ਨਸ਼ਿਆਂ ਵਿਰੁੱਧ ਅਤੇ ਅਪ੍ਰੇਸ਼ਨ “ਪ੍ਰਹਾਰ-2” 8 ਮਾਮਲੇ ਦਰਜ; 27 ਮੁਲਜ਼ਮ ਗ੍ਰਿਫਤਾਰ
Publish Date: Sat, 14 Feb 2026 06:06 PM (IST)
Updated Date: Sun, 15 Feb 2026 04:07 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸਬ ਡਿਵੀਜ਼ਨ ਲਹਿਰਾ ਪੁਲਿਸ ਵੱਲੋਂ “ਯੁੱਧ ਨਸ਼ਿਆਂ ਵਿਰੁੱਧ , ਪਿੰਡਾਂ ਦੇ ਪਹਿਰੇਦਾਰ ਅਤੇ ਆਪ੍ਰੇਸ਼ਨ ਪ੍ਰਹਾਰ-2 ਤਹਿਤ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ 8 ਫਰਵਰੀ ਤੋਂ 14 ਫਰਵਰੀ ਤੱਕ ਡਰੱਗ ਦੇ 03 ਮੁਕੱਦਮੇ ਦਰਜ ਕਰਕੇ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਕੋਲੋਂ 30 ਗ੍ਰਾਮ ਹੈਰੋਇਨ ਤੇ 150 ਪਾਬੰਦੀਸ਼ੁਦਾ ਗੋਲ਼ੀਆਂ ਬਰਾਮਦ ਹੋਈਆਂ। ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਤਹਿਤ ਕਰੀਬ 40 ਟਰੈਫਿਕ ਚਲਾਣ ਕੀਤੇ ਗਏ ਹਨ। ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਕੇ 56 ਵਿਅਕਤੀਆਂ ਵਿਰੁੱਧ 172 ਬੀਐੱਨਐੱਸਐੱਸ ਤਹਿਤ ਕਾਰਵਾਈ ਕੀਤੀ ਗਈ ਅਤੇ 12 ਵਿਅਕਤੀਆਂ ਵਿਰੁੱਧ ਪ੍ਰਿਵੇਂਟਿਵ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਥਾਣਾ ਲਹਿਰਾ ਦੀ ਟੀਮ ਵੱਲੋਂ ਵਿਸ਼ੇਸ਼ ਮੁਹਿੰਮ ਚਲਾ ਕੇ ਬਕਾਇਆ ਮੁੱਕਦਮਿਆਂ ਦੇ ਕੁੱਲ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਸਬ-ਡਿਵੀਜ਼ਨ ਲਹਿਰਾ ਦੇ ਏਰੀਏ ਦੇ ਖੇਤਾਂ ਵਿਚ ਹੋਈ ਤਾਰ ਚੋਰੀ ਦੀ ਵਾਰਦਾਤ ਤਹਿਤ 1 ਕੇਸ ਦਰਜ ਕਰ ਕੇ 1 ਮੁਲਜ਼ਮ ਨੂੰ ਕਾਬੂ ਕਰ ਕੇ 23 ਕਿੱਲੋ ਤਾਰਾਂ ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਇਸ ਅਰਸੇ ਤੋਂ ਪਹਿਲਾਂ ਦਰਜ ਇਕ ਕੇਸ ਵਿੱਚ ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਪੁਲਿਸ ਰਿਮਾਂਡ ਦੌਰਾਨ ਪੁੱਛ ਪੜਤਾਲ ਕਰ ਕੇ 08 ਕਿੱਲੋ ਤਾਰਾਂ ਵੀ ਰਿਕਵਰ ਕਰਵਾਈਆਂ ਗਈਆਂ। ਮਾੜੇ ਅਨਸਰਾਂ ਖ਼ਿਲਾਫ਼ ਕਾਰਵਾਈ ਕਰਦੇ ਹੋਏ ਇਸ ਅਰਸੇ ਦੌਰਾਨ ਦੜੇ-ਸੱਟੇ ਦਾ ਇਕ ਮੁਕੱਦਮਾ ਦਰਜ ਕਰ ਕੇ 1 ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਕੇ 3100 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। 10 ਫਰਵਰੀ ਨੂੰ ਪਿੰਡ ਖੰਡੇਬਾਦ ਦੀ ਰਹਿਣ ਵਾਲੀ ਹਰਕੀਰਤ ਕੌਰ ਦਾ ਉਸ ਦੇ ਪਤੀ ਕੁਲਦੀਪ ਸਿੰਘ ਵੱਲੋਂ ਕਤਲ ਕੀਤਾ ਗਿਆ, ਜਿਸ ’ਤੇ ਮੁਕੱਦਮਾ ਦਰਜ ਕਰ ਕੇ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।