ਜਥੇਬੰਦੀਆਂ ਨੇ ਸਾਮਰਾਜੀ ਤਾਕਤਾਂ ਵਿਰੁੱਧ ਕੀਤੀ ਨਾਅਰੇਬਾਜ਼ੀ
ਘਨੌਰ ਬੱਸ ਸਟੈਂਡ ’ਤੇ 95ਵਾਂ ਸ਼ਹੀਦੀ ਦਿਹਾੜਾ ਮਨਾਇਆ, ਸਾਮਰਾਜੀ ਤਾਕਤਾਂ ਖ਼ਿਲਾਫ਼ ਉਠੀ ਆਵਾਜ਼
Publish Date: Mon, 23 Mar 2026 06:05 PM (IST)
Updated Date: Mon, 23 Mar 2026 06:07 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਐੱਸਕੇਐੱਮ ਟਰੇਡ ਯੂਨੀਅਨ ਅਤੇ ਕੁਲ ਹਿੰਦ ਖੇਤ ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਵਲੋਂ ਦੇਸ਼ ਪੱਧਰ ਤੇ ਸਾਮਰਾਜੀ ਦਿਵਸ ਵਜੋਂ ਘਨੌਰ ਬੱਸ ਸਟੈਂਡ ਵਿਖੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦਾ 95ਵਾਂ ਸ਼ਹੀਦੀ ਦਿਹਾੜਾ ਅਮਰੀਕਾ ਤੇ ਇਜ਼ਰਾਈਲ ਦੇ ਸਾਮਰਾਜੀ ਹਮਲਿਆਂ ਦੇ ਵਿਰੋਧ ਵਿਚ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਕਾਮਰੇਡ ਧਰਮਪਾਲ ਸਿੰਘ ਸੀਲ ਨੇ ਕੀਤੀ। ਇਸ ਮੌਕੇ ਇਕਬਾਲ ਸਿੰਘ ਮੰਡੋਲੀ, ਪਵਨ ਕੁਮਾਰ ਸੋਗਲਪੁਰ, ਗੁਲਜਾਰ ਸਿੰਘ ਸਲੇਮਪੁਰ, ਹਜੂਰਾ ਸਿੰਘ ਮਿਰਜਾਂਪੁਰ,ਅਮਰਜੀਤ ਸਿੰਘ ਘਨੌਰ, ਪ੍ਰੇਮ ਸਿੰਘ ਘਨੌਰ, ਡਾ. ਵਿਜੇਪਾਲ, ਮਾਸਟਰ ਗੁਰਨਾਮ ਸਿੰਘ, ਤਰਸੇਮ ਸਿੰਘ ਅਜਰਾਵਰ, ਸੁਖਜੀਤ ਸਿੰਘ ਅਜਰਾਵਰ, ਮਸਤਰਾਮ ਨੰਬਰਦਾਰ ਲਾਛੜੂ, ਗੁਰਦੀਪ ਸਿੰਘ ਸਰਾਲਾ ਅਤੇ ਮੇਵਾ ਸਿੰਘ ਸਰਾਲਾ, ਜੈ ਰਾਮ ਘਨੌਰ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ। ਆਗੂਆਂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੁਨੀਆ ਭਰ ਵਿਚ ਸਾਮਰਾਜੀ ਤਾਕਤਾਂ ਵੱਲੋਂ ਕਮਜ਼ੋਰ ਦੇਸ਼ਾਂ ’ਤੇ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਇਰਾਨ ’ਤੇ ਕੀਤੀਆਂ ਜਾ ਰਹੀਆਂ ਕਾਰਵਾਈਆਂ ਦੀ ਤਿੱਖੀ ਨਿਖੇਧੀ ਕੀਤੀ। ਆਗੂਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਅਪਣਾਉਂਦੇ ਹੋਏ ਸਾਮਰਾਜਵਾਦ, ਜੰਗਾਂ ਅਤੇ ਲੁੱਟ-ਖਸੋਟ ਦੇ ਖ਼ਿਲਾਫ਼ ਇਕੱਠੇ ਹੋਣ ਅਤੇ ਸੰਘਰਸ਼ ਨੂੰ ਮਜ਼ਬੂਤ ਬਣਾਉਣ। ਇਸ ਦੌਰਾਨ ਬੱਸ ਸਟੈਂਡ ਤੋਂ ਮਾਰਚ ਵੀ ਕੱਢਿਆ ਗਿਆ ਅਤੇ ਜੰਗੀ ਨੀਤੀਆਂ ਦੇ ਵਿਰੋਧ ਵਿਚ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਡੋਨਾਲਡ ਟਰੰਪ ਅਤੇ ਨੇਤਨਯਾਹੂ ਦੇ ਪੁਤਲੇ ਸਾੜ ਕੇ ਸਾਮਰਾਜੀ ਹਮਲਿਆਂ ਦਾ ਵਿਰੋਧ ਦਰਜ ਕਰਵਾਇਆ।