ਸਰਕਾਰ ਵੱਲੋਂ ਵਾਅਦਾ ਖ਼ਿਲਾਫ਼ੀ ਕਰਨ ’ਤੇ ਕੀਤਾ ਅਰਥੀ ਫੂਕ ਪ੍ਰਦਰਸ਼ਨ
ਸਰਕਾਰ ਵੱਲੋਂ ਵਾਅਦਾ ਖਿਲਾਫੀ ਕਰਨ ਤੇ ਕੀਤਾ ਅਰਥੀ ਫੂਕ ਪ੍ਰਦਰਸ਼ਨ
Publish Date: Wed, 08 Apr 2026 04:51 PM (IST)
Updated Date: Wed, 08 Apr 2026 04:53 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸਾਂਝਾ ਅਧਿਆਪਕ ਮੋਰਚੇ ਨੇ ਪੰਜਾਬ ਸਰਕਾਰ ਵੱਲੋਂ ਵਾਅਦਾ ਖਿਲਾਫ਼ੀ ਕਰਨ ਤੇ ਪੰਜਾਬ ਸਰਕਾਰ ਦੀ ਅਰਥੀ ਫੂਕ ਪ੍ਰਦਰਸ਼ਨ ਕੀਤਾ। ਇਸ ਸਮੇਂ ਸਾਂਝਾ ਅਧਿਆਪਕ ਮੋਰਚਾ ਦੇ ਆਗੂਆਂ ਨੇ ਜਿਸ ਵਿਚ ਜਸਵਿੰਦਰ ਸਿੰਘ ਸਮਾਣਾ, ਪਰਮਜੀਤ ਸਿੰਘ ਪਟਿਆਲਾ, ਗੁਰਪ੍ਰੀਤ ਸਿੰਘ ਗੁਰੂ, ਮਨੋਜ ਘਈ, ਜਗਦੀਪ ਸਿੰਘ ਆਗੂਆਂ ਨੇ ਕਿਹਾ ਕਿ ਅਧਿਆਪਕ ਜਥੇਬੰਦੀਆਂ ਨਾਲ ਸਿੱਖਿਆ ਮੰਤਰੀ ਪੰਜਾਬ ਵੱਲੋਂ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਟੈਟ ਸਬੰਧੀ ਪੰਜਾਬ ਵਿਧਾਨ ਸਭਾ ’ਚ ਬਿੱਲ ਲਿਆਉਣ ਅਤੇ ਸੁਪਰੀਮ ਕੋਰਟ ਵਿਚ ਰਿਵਿਊ ਪਟੀਸ਼ਨ ਦਰਜ ਕਰਨ ਦਾ ਵਾਅਦਾ ਕੀਤਾ ਗਿਆ ਸੀ। ਜਿਹੜਾ ਕਿ ਹੁਣ ਤੱਕ ਵਫ਼ਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਵਿਧਾਨ ਸਭਾ ਵਿਚ ਟੈਟ ਸਬੰਧੀ ਕੋਈ ਚਰਚਾ ਨਾ ਕਰਨ ਕਰਕੇ ਕੀਤੇ ਵਾਅਦਿਆਂ ਨੂੰ ਤੋੜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨਾ ਹੀ ਟੈਟ ਦੇ ਖ਼ਿਲਾਫ਼ ਕੋਈ ਰਿਵਿਊ ਪਟੀਸ਼ਨ ਸੁਪਰੀਮ ਕੋਰਟ ’ਚ ਦਾਖਲ ਕੀਤੀ ਗਈ ਹੈ ਜਿਸ ਦੀ ਆਗੂਆਂ ਵਲੋਂ ਸ਼ਬਦਾਂ ’ਚ ਨਿਖੇਧੀ ਕੀਤੀ ਗਈ। ਇਸ ਸਮੇਂ ਆਗੂਆਂ ਨੇ ਕਿਹਾ ਕਿ ਰਾਜ ਸਭਾ ਵਿਚ ਸੰਸਦ ਮੈਂਬਰ ਸੀਪੀਆਈਐੱਮ ਵੱਲੋਂ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਪ੍ਰਾਈਵੇਟ ਬਿੱਲ ਪੇਸ਼ ਕੀਤਾ, ਜਿਸ ਨੂੰ ਤਰੁੰਤ ਪਾਸ ਕਰਨਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ ਤੇ ਨਾ ਹੀ ਮੁਲਾਜ਼ਮਾਂ ਦੇ 16 ਫ਼ੀਸਦੀ ਪਿਛਲਾ ਮਹਿੰਗਾਈ ਭੱਤਾ ਲਾਗੂ ਕੀਤਾ ਹੈ। ਸਗੋਂ ਉਲਟਾ ਪੰਜਾਬ ਸਰਕਾਰ ਹਾਈਕੋਰਟ ’ਚ ਮਹਿੰਗਾਈ ਭੱਤਾ ਦੇਣ ਤੋਂ ਮੁਨਕਰ ਹੋਣ ਦਾ ਘੋਸ਼ਣਾ ਪੱਤਰ ਪੇਸ਼ ਕਰ ਰਹੀ ਹੈ। ਇਸ ਸਮੇਂ ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਵਿੱਤੀ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ ਤੇ ਗੈਰ ਵਿੱਦਿਅਕ ਡਿਊਟੀਆਂ ਖਤਮ ਕੀਤੀਆਂ ਜਾਣ। ਇਸ ਮੌਕੇ ਦੀਦਾਰ ਸਿੰਘ ਪਟਿਆਲਾ ,ਹਰਪ੍ਰੀਤ ਸਿੰਘ ਉੱਪਲ, ਹਰਦੀਪ ਸਿੰਘ ਪਟਿਆਲਾ, ਮਨਦੀਪ ਸਿੰਘ ਕਾਲੇਕੇ, ਜਗਦੀਪ ਸਿੰਘ, ਜਗਜੀਤ ਸਿੰਘ,ਚਮਕੌਰ ਸਿੰਘ ,ਪ੍ਰਵੀਨ ਕੁਮਾਰ ਸ਼ਰਮਾ, ਕਿਰਪਾਲ ਸਿੰਘ, ਗੁਰਪ੍ਰੀਤ ਸਿੰਘ ਸਿੱਧੂ, ਗੁਰਵਿੰਦਰ ਸਿੰਘ ਧਨੇਠਾ, ਹਰਵਿੰਦਰ ਸਿੰਘ ਪਹਾੜਪੁਰ, ਸੁਖਦੀਪ ਸਿੰਘ ਮਠਾੜੂ, ਗੁਰਵਿੰਦਰ ਸਿੰਘ ਗਹੀਰ, ਸੁਧੀਰ ਕੁਮਾਰ ਸਾਥੀ, ਗੁਰਜੀਤ ਸਿੰਘ, ਕਰਮਜੀਤ ਸਿੰਘ ਮੌਜੂਦ ਰਹੇ।