ਬਜਟ ਦੀਆਂ ਕਾਪੀਆਂ ਸਾਡ਼ ਕੇ ਕੀਤਾ ਰੋਸ ਪ੍ਰਦਰਸ਼ਨ
ਬਜਟ ਦੀਆਂ ਕਾਪੀਆਂ ਸਾਡ਼ ਕੇ ਕੀਤਾ ਰੋਸ ਪ੍ਰਦਰਸ਼ਨ
Publish Date: Sat, 14 Mar 2026 04:30 PM (IST)
Updated Date: Sun, 15 Mar 2026 04:01 AM (IST)

ਜੀਐੱਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਇਨਲਿਸਟਮੈਂਟ/ ਆਊਟਸੋਰਸ ਮੁਲਾਜਮਾਂ ਦੇ ਪੱਕੇ ਰੁਜਗਾਰ ਦੀ ਪੂਰਤੀ ਲਈ ਪੰਜਾਬ ਸਰਕਾਰਵੱਲੋਂ ਇਸ ਸਾਲ ਦੇ ਬਜਟ ਵਿਚ ਅਣਦੇਖੀ ਕਰਨ ਦੇ ਰੋਸ ਵਜੋਂ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਫੈਸਲੇ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਅੱਜ ਨਹਿਰੀ ਵਿਸ਼ਰਾਮ ਘਰ ਦੇਵੀਗਡ਼੍ਹ ਵਿਖੇ ਬਜਟ ਦੀਆਂ ਕਾਪੀਆਂ ਸਾਡ਼ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਲ੍ਹਾ ਜਰਨਲ ਸਕੱਤਰ ਰਾਹੁਲ ਸ਼ਰਮਾ ਹਡਾਣਾ ਅਤੇ ਬ੍ਰਾਂਚ ਪ੍ਰਧਾਨ ਬਲਜਿੰਦਰ ਸਿੰਘ ਜਲਾਲਾਬਾਦ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਆਗੂਆਂ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਆਪ ਸਰਕਾਰ ਬਣਨ ਉਪਰੰਤ ਹਰ ਤਰ੍ਹਾਂ ਦੇ ਠੇਕਾ ਮੁਲਾਜਮਾਂ ਨੂੰ ਰੈਗੂਲਰ ਕੀਤਾ ਜਾਵੇਗਾ, ਪਰ ਹੁਣ ਇਸ ਸਰਕਾਰ ਵੱਲੋਂ 4 ਸਾਲ ਬੀਤ ਜਾਣ ਦੇ ਬਾਅਦ ਵੀ ਇਸ ਮੰਗ ਦਾ ਹੱਲ ਨਹੀਂ ਕੀਤਾ ਗਿਆ ਹੈ। 5 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਵਿਧਾਇਕਾਂ ਰਾਹੀਂ ਮੰਗ-ਪੱਤਰ ਭੇਜ ਕੇ ਮੰਗ ਕੀਤੀ ਗਈ ਕਿ ਇਸ ਵਿਧਾਨ ਸਭਾ ਇਜਲਾਸ ਵਿੱਚ ਠੇਕਾ ਮੁਲਾਜਮਾਂ ਨੂੰ ਰੈਗੂਲਰ ਕਰਨ ਦੇ ਵਾਅਦੇ ਨੂੰ ਪੂਰਾ ਕੀਤਾ ਜਾਵੇ। ਉਨ੍ਹਾਂ ਵਿਧਾਇਕਾਂ ਵਲੋਂ ਸਾਡੀਆਂ ਮੰਗਾਂ ਦਾ ਹੱਲ ਕਰਨ ਦੀ ਗੱਲ ਦੀ ਲੋਡ਼ ਨਹੀਂ ਸਮਝੀ। ਭਾਵੇਂ ਕਿ ਇਕ ਔਰਤ ਵਿਧਾਇਕ ਵਲੋਂ ਇਨ੍ਹਾਂ ਮੰਗਾਂ ਦੇ ਹੱਲ ਦੀ ਗੱਲ ਕੀਤੀ ਗਈ, ਪਰ ਉਸ ਵਲੋਂ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਮੰਗ ਪੇਸ਼ ਕਰਨ ਤੋਂ ਪਹਿਲਾਂ ਹੀ ਨਾ ਮਨਜ਼ੂਰ ਕੀਤੀ ਗਈ। ਵਿਰੋਧੀ ਧਿਰਾਂ ਦੀ ਚੁੱਪ ਨੇ ਵੀ ਇਸ ਅਸਲੀਅਤ ਨੂੰ ਜੱਗ ਜ਼ਾਹਰ ਕੀਤਾ ਹੈ ਕਿ ਕਹਿਣ ਨੂੰ ਭਾਵੇਂ ਇਹ ਸਭ ਵੱਖਰੇ ਵੱਖਰੇ ਹਨ ਪਰ ਅਸਲ ਵਿੱਚ ਇਹ ਸਭ ਕਾਰਪੋਰੇਟ ਘਰਾਣਿਆਂ ਦੇ ਸੇਵਕ ਹਨ। ਜੋ ਤਨਖਾਹ ਵਾਧੇ ਦੀ ਮੰਗ ਵਿਧਾਇਕਾਂ ਵਲੋਂ ਰੱਖੀ ਵੀ ਗਈ ਉਸ ਨੂੰ ਵੀ ਸਪੀਕਰ ਵਲੋਂ ਸਬ ਕਮੇਟੀ ਦੇ ਚੇਅਰਮੈਨ ਅਤੇ ਵਿੱਤ ਮੰਤਰੀ ਦੇ ਖਾਤੇ ਵਿੱਚ ਪਾਕੇ ਚਰਚਾ ਦੀ ਲੋਡ਼ ਵੀ ਨਹੀਂ ਸਮਝੀ, ਜਦੋਕਿ ਵਿੱਤ ਮੰਤਰੀ ਦੀ ਅਗਵਾਈ ਵਾਲੀ ਸਬ ਕਮੇਟੀ ਪਿਛਲੇ 4 ਸਾਲਾਂ ਤੋਂ ਲਾਰੇ ਲਗਾ ਕੇ ਸਮਾਂ ਬਤੀਤ ਕਰ ਰਹੀ ਹੈ। ਸਰਕਾਰ ਵੱਲੋਂ ਆਪਣੇ ਆਖ਼ਰੀ ਬਜਟ ਸੈਸ਼ਨ ਵਿੱਚ ਠੇਕਾ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਨੂੰ ਠੁਕਰਾ ਕੇ ਆਪਣੀ ਮੁਲਾਜ਼ਮ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਜਿਸਦੇ ਰੋਸ ਵਜੋਂ ਅੱਜ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਫੈਸਲੇ ਤਹਿਤ ਬਜਟ ਦੀਆਂ ਕਾਪੀਆਂ ਸਾਡ਼ ਕੇ ਭਵਿੱਖ ਵਿੱਚ ਤਿੱਖੇ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਠੇਕਾ ਮੁਲਾਜ਼ਮਾਂ ਦੇ ਮਸਲਿਆਂ ਦੇ ਹੱਲ ਲਈ ਬਣੀ ਸਬ ਕਮੇਟੀ ਦੇ ਚੇਅਰਮੈਨ ਵਿੱਤ ਮੰਤਰੀ ਪੰਜਾਬ ਦੇ ਹਲਕੇ ਦਿਡ਼੍ਹਬਾ ਵਿਚ 22 ਮਾਰਚ ਤੋਂ 5 ਅਪ੍ਰੈਲ 2026 ਤੱਕ ਵੱਡੇ ਇਕੱਠ ਕਰਕੇ ਪਿੰਡਾਂ ਵਿੱਚ ਝੰਡਾ ਮਾਰਚ ਕੀਤੇ ਜਾਣਗੇ ਅਤੇ 26 ਮਾਰਚ ਤੋਂ 28 ਮਾਰਚ ਤੱਕ ਦਿਡ਼੍ਹਬਾ ਹਲਕੇ ’ਚ ਝੰਡਾ ਮਾਰਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ।