ਸੀਵਰੇਜ ਅਤੇ ਸਡ਼ਕ ਦਾ ਕੰਮ ਹੋਵੇਗਾ ਸ਼ੁਰੂ : ਹਡਾਣਾ
ਸੀਵਰੇਜ ਅਤੇ ਸਡ਼ਕ ਦਾ ਕੰਮ ਹੋਵੇਗਾ ਸ਼ੁਰੂ: ਹਡਾਣਾ
Publish Date: Fri, 13 Mar 2026 05:14 PM (IST)
Updated Date: Fri, 13 Mar 2026 05:18 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਬੀਤੀ ਸ਼ਾਮ ਬੱਸ ਅੱਡਾ ਦੇਵੀਗਡ਼੍ਹ ਵਿਖੇ ਹਲਕਾ ਸਨੌਰ ਦੇ ਵਪਾਰ ਕਮਿਸ਼ਨ ਦੇ ਚੇਅਰਮੈਨ ਵੇਦ ਪ੍ਰਕਾਸ਼ ਗਰਗ ਦੀ ਪ੍ਰਧਾਨਗੀ ਹੇਠ ਇਕ ਸਮਾਗਮ ਕਰਵਾਇਆ ਗਿਆ, ਜਿਸ ’ਚ ਵਪਾਰੀਆਂ ਅਤੇ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਕਾਫੀ ਮੁਸ਼ਕਲਾਂ ਹੱਲ ਕੀਤੀਆਂ ਗਈਆਂ ਅਤੇ ਕਈਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਮਾਗਮ ’ਚ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆਂ ਰਣਜੋਧ ਸਿੰਘ ਹਡਾਣਾ ਨੇ ਕਿਹਾ ਕਿ ਕਸਬਾ ਦੇਵੀਗਡ਼੍ਹ ਦੀਆਂ ਦੋ ਵੱਡੀਆਂ ਮੁਸ਼ਕਲਾਂ ਜੋ ਕਿ ਕਾਫੀ ਸਮੇਂ ਤੋਂ ਲਟਕ ਰਹੀਆਂ ਸਨ, ਨੂੰ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ 19 ਕਰੋਡ਼ ਦੀ ਲਾਗਤ ਨਾਲ ਨਗਰ ਪੰਚਾਇਤ ਦੇਵੀਗਡ਼੍ਹ ਅਧੀਨ 8 ਪਿੰਡਾਂ ਨੂੰ ਸੀਵਰੇਜ ਪ੍ਰੋਜੈਕਟ ਨਾਲ ਜੋਡ਼ਨ ਦਾ ਕੰਮ ਚੱਲ ਰਿਹਾ ਸੀ, ਜਿਸ ਵਿਚ ਕਿਸੇ ਕਾਰਨ ਨੂੰ ਲੈ ਕੇ ਖਡ਼ੋਤ ਆਈ ਸੀ, ਜਿਸ ਨੂੰ ਹੁਣ ਹੱਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਹਿਰੀ ਵਿਭਾਗ ਵੱਲੋਂ ਘਡ਼ਾਮ ਮਾਈਨਰ ਦੀ ਬੰਦੀ ਦੀ ਮਨਜ਼ੂਰੀ ਮਿਲ ਗਈ ਹੈ ਅਤੇ ਹੁਣ ਅਗਲੇ ਹਫਤੇ ਸੀਵਰੇਜ ਪਾਉਣ ਦਾ ਜੋ ਕੰਮ ਲਟਕਿਆ ਹੋਇਆ ਸੀ ਉਹ ਸ਼ੁਰੂ ਹੋ ਜਾਵੇਗਾ ਤੇ ਇਸ ਨੂੰ ਮਾਰਚ ਵਿਚ ਮੁਕੰਮਲ ਕਰ ਲਿਆ ਜਾਵੇਗਾ। ਇਸ ਤੋਂ ਇਲਾਵਾ ਦੇਵੀਗਡ਼੍ਹ ਕਸਬੇ ਦੇ ਪੁਰਾਣੇ ਬਾਜ਼ਾਰ ਦੀ ਸਡ਼ਕ ਬਣਾਉਣ ’ਚ ਕੁਝ ਦੁਕਾਨਦਾਰ ਅਡ਼ਿੱਕਾ ਬਣੇ ਹੋਏ ਸਨ, ਉਸ ਨੂੰ ਵੀ ਹੁਣ ਹੱਲ ਕਰ ਲਿਆ ਗਿਆ ਹੈ ਅਤੇ ਪੁਰਾਣੇ ਬਾਜ਼ਾਰ ਦੀ ਸਡ਼ਕ ਨੂੰ ਬਣਾਉਣ ਦਾ ਕੰਮ ਅਗਲੇ ਹਫਤੇ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹਲਕੇ ਦੇ ਹਰਿਆਣਾ ਬਾਰਡਰ ਨੇਡ਼ੇ ਸਥਿਤ ਪਿੰਡ ਮੌਹਲਗਡ਼, ਜਿੱਥੇ ਜਾਣ ਲਈ ਕਾਫੀ ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਸੀ, ਹੁਣ ਪਿੰਡ ਮੋਹਲਗਡ਼੍ਹ ਤੋਂ ਸਾਹਨੀਪੁਰ ਟਾਂਡਾ ਤੱਕ ਨਵੀਂ ਸਡ਼ਕ ਬਣਾਈ ਜਾ ਰਹੀ ਹੈ, ਜਿਸ ਨਾਲ ਪਿੰਡ ਮੋਹਲਗਡ਼੍ਹ ਪਹੁੰਚਣਾਂ ਨੇਡ਼ੇ ਤੇ ਸੁਖਾਲਾ ਹੋ ਜਾਵੇਗਾ। ਹਡਾਣਾ ਨੇ ਇਹ ਵੀ ਦੱਸਿਆ ਕਿ ਹਲਕੇ ’ਚ ਜੋ ਟੁੱਟੀਆਂ ਸਡ਼ਕਾਂ ਸਨ, ਨੂੰ ਵੀ ਨਵੇਂ ਸਿਰਿਓਂ ਨਵਿਆਉਣ ਦਾ ਕੰਮ ਤੇਜ਼ੀ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਹ ਸਾਰੀਆਂ ਸਡ਼ਕਾਂ ਮਾਰਚ ਮਹੀਨੇ ’ਚ ਬਣ ਕੇ ਤਿਆਰ ਹੋ ਜਾਣਗੀਆਂ। ਇਸ ਮੌਕੇ ਵੇਦ ਪ੍ਰਕਾਸ਼ ਗਰਗ ਤੋਂ ਇਲਾਵਾ ਚੇਅਰਮੈਨ ਬਲਦੇਵ ਸਿੰਘ, ਰਾਜਾ ਧੰਜੂ, ਦਵਿੰਦਰ ਸਿੰਘ ਮਾਡ਼ੂ, ਰਾਜਾ ਧੰਜੂ ਸਰੁਸਤੀਗਡ਼੍ਹ, ਪ੍ਰੇਮ ਖਨੇਜਾ, ਕਰਮਜੀਤ ਸਿੰਘ ਰੁਡ਼ਕੀ ਬੁੱਧ ਸਿੰਘ, ਲਾਲੀ ਰਹਿਲ ਪੀ.ਏ., ਗੁਰਿੰਦਰਪਾਲ ਸਿੰਘ ਅਦਾਲਤੀਵਾਲਾ, ਸਿਮਰਨਜੀਤ ਸਿੰਘ ਸੋਹਲ ਉਪ ਚੇਅਰਮੈਨ, ਭੂਪਿੰਦਰ ਸਿੰਘ ਮੀਰਾਂਪੁਰ, ਗੁਰਦੀਪ ਸਿੰਘ, ਗੁਰਿੰਦਰ ਸਿੰਘ ਰਾਜੂ, ਸੁਖਵਿੰਦਰ ਸਿੰਘ ਬਾਜਵਾ, ਬਲਦੇਵ ਭੰਬੂਆਂ, ਪਰਮਜੀਤ ਸ਼ਰਮਾ ਬਹਿਰੂ ਆਦਿ ਵੀ ਮੌਜੂਦ ਸਨ।