ਸੜਕ ਹਾਦਸੇ ’ਚ ਜ਼ਖ਼ਮੀ ਮਜ਼ਦੂਰ ਦੀ ਇਲਾਜ ਦੌਰਾਨ ਮੌਤ
ਸੜਕ ਹਾਦਸੇ ਵਿੱਚ ਜ਼ਖ਼ਮੀ ਮਜ਼ਦੂਰ ਦੀ ਇਲਾਜ ਦੌਰਾਨ ਮੌਤ
Publish Date: Mon, 16 Mar 2026 04:54 PM (IST)
Updated Date: Mon, 16 Mar 2026 04:58 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸਮਾਣਾ : ਪਿਛਲੇ ਦਿਨੀਂ ਇਕ ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਭੱਠਾ ਮਜ਼ਦੂਰ ਦੀ ਇਲਾਜ ਦੌਰਾਨ ਮੌਤ ਹੋ ਜਾਣ ਕਾਰਨ ਉਸਦੀ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਘੱਗਾ ਪੁਲਿਸ ਦੇ ਏਐੱਸਆਈ ਸ਼ੇਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੂਰਜ ਪਾਲ, ਵਾਸੀ ਪਿੰਡ ਪਤਰੇਵਾ (ਸੰਭਲ, ਉੱਤਰ ਪ੍ਰਦੇਸ਼) ਦੇ ਪੁੱਤਰ ਪ੍ਰਦੀਪ ਕੁਮਾਰ ਵੱਲੋਂ ਦਰਜ ਕਰਵਾਏ ਬਿਆਨਾਂ ਅਨੁਸਾਰ ਉਸਦਾ ਪਿਤਾ ਪਿੰਡ ਮਰਦਾਹੇੜੀ ਵਿਖੇ ਇੱਟਾਂ ਦੇ ਭੱਠੇ ਤੇ ਕੰਮ ਕਰਦਾ ਸੀ। ਸੂਰਜ ਪਾਲ ਆਪਣੇ ਇਕ ਸਾਥੀ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਪੁੱਤਰ ਰਵੀ ਨੂੰ ਮਿਲ ਕੇ ਪਿੰਡ ਖੇਤਲਾ ਤੋਂ ਵਾਪਸ ਆ ਰਿਹਾ ਸੀ। ਅਕਾਲਗੜ੍ਹ ਗੁਰਦੁਆਰੇ ਨੇੜੇ ਕਿਸੇ ਵਾਹਨ ਦੀ ਤੇਜ਼ ਰੌਸ਼ਨੀ ਅੱਖਾਂ ਵਿਚ ਪੈਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਕਿਨਾਰੇ ਪਏ ਪੱਥਰ ਨਾਲ ਟਕਰਾ ਗਿਆ। ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖ਼ਲ ਕਰਵਾਇਆ ਸੀ, ਜਿੱਥੇ ਬੀਤੇ ਦਿਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਦਰਜ ਕਰਵਾਏ ਬਿਆਨਾਂ ਦੇ ਆਧਾਰ ਤੇ ਧਾਰਾ 194 ਤਹਿਤ ਕਾਰਵਾਈ ਕਰਦਿਆਂ, ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।