ਸੜਕ ਹਾਦਸੇ ’ਚ ਕਾਰ ਸਵਾਰ ਇਕ ਦੀ ਮੌਤ 3 ਗੰਭੀਰ ਜ਼ਖ਼ਮੀ
ਸੜਕ ਹਾਦਸੇ ’ਚ ਕਾਰ ਸਵਾਰ ਇਕ ਦੀ ਮੌਤ 3 ਗੰਭੀਰ ਜ਼ਖ਼ਮੀ
Publish Date: Mon, 16 Feb 2026 06:18 PM (IST)
Updated Date: Mon, 16 Feb 2026 06:21 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਰਾਜਪੁਰਾ-ਸਰਹਿੰਦ ਕੌਮੀ ਸ਼ਾਹ ਮਾਰਗ ਨੰਬਰ 44 ’ਤੇ ਸਵੇਰੇ ਇਕ ਕਾਰ ਦੇ ਇਕ ਟਰਾਲੇ ਵਿਚ ਪਿੱਛੋਂ ਵੱਜਣ ਨਾਲ ਕਾਰ ਸਵਾਰ ਇਕ ਵਿਅਕਤੀ ਦੀ ਮੌਤ ਅਤੇ 3 ਜ਼ਖ਼ਮੀ ਹੋ ਗਏ। ਜਿਨ੍ਹਾਂ ਦੀ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ’ਚ ਇਲਾਜ ਲਈ ਭੇਜ ਦਿੱਤਾ ਹੈ। ਹਸਪਤਾਲ ਦੀ ਐਮਰਜੈਂਸੀ ’ਦੇ ਆਪਰੇਸ਼ਨ ਥੀਏਟਰ ’ਚ ਮੁੱਢਲੀ ਸਹਾਹਿਤਾ ਲੈਣ ਉਪਰੰਤ ਰਜਿੰਦਰਾ ਹਸਪਤਾਲ ਜਾਣ ਸਮੇਂ ਗੰਭੀਰ ਜ਼ਖ਼ਮੀ ਰਜਿੰਦਰ ਸਿੰਘ ਵਾਸੀ ਲੁਧਿਆਣਾ ਜੋ ਕਿ ਕੰਪਨੀ ’ਚ ਐਗਜ਼ੀਕਿਉਟਿਵ ਹਨ, ਨੇ ਦੱਸਿਆ ਕਿ ਉਸ ਸਮੇਤ ਉਨ੍ਹਾਂ ਦੇ 3 ਹੋਰ ਸਾਥੀ ਨਾਹਰ ਇੰਡਸਟ੍ਰੀਅਲ ਇੰਟਰਪ੍ਰਾਈਜਿਜ਼ ਕੰਪਨੀ ਲਾਲੜੂ ਵਿਚ ਕੰਮ ਕਰਦੇ ਹਾਂ। ਜਿਹਨਾਂ ਵਿਚ ਹਰਪ੍ਰੀਤ ਸਿੰਘ ਕੰਪਨੀ ’ਚ ਸੀਨੀਅਰ ਐਗਜ਼ੀਕਿਉਟਿਵ ਹਨ ਤੇ ਕਾਰ ਚਲਾ ਰਹੇ ਸਨ। ਉਨ੍ਹਾਂ ਨਾਲ ਕਾਰ ਵਿਚ ਉਸ ਸਮੇਤ ਸ਼ਲਿੰਦਰ ਸਿੰਘ ਵਾਸੀ ਖੰਨਾ ਜੋ ਕਿ ਕੰਪਨੀ ’ਚ ਮਾਰਕਿਟਿੰਗ ਐਗਜ਼ੀਕਿਉਟਿਵ ਅਤੇ ਕਮਲਦੀਪ ਸਿੰਘ ਵਾਸੀ ਲੁਧਿਆਣਾ ਮੈਨੇਜਰ ਹਨ। ਉਹ ਸਵਿਫਟ ਕਾਰ ’ਚ ਲਾਲੜੂ ਕੰਪਨੀ ਆਪਣੀ ਡਿਊਟੀ ਤੇ ਜਾ ਰਹੇ ਸਨ ਤਾਂ ਜਦੋਂ ਉਹ ਰਾਜਪੁਰਾ ਨੇੜੇ ਪਹੁੰਚੇ ਤਾਂ ਉਨਾਂ ਦੇ ਅੱਗੇ ਜਾ ਰਹੇ ਇਕ ਟਰਾਲੇ ਨੇ ਉਨਾਂ ਨੂੰ ਸਾਈਡ ਨਾ ਦਿੱਤੀ ਅਤੇ ਕਾਰ ਦੀ ਇਸ ਦੋਰਾਨ ਟਰਾਲੇ ਨਾਲ ਟੱਕਰ ਹੋ ਗਈ। ਇਸ ਟੱਕਰ ਤੋਂ ਬਾਅਦ ਰਾਹਗੀਰਾਂ ਨੇ ਬਹੁਤ ਜਿਆਦਾ ਨੁਕਸਾਨੀ ਗਈ ਕਾਰ ’ਚੋਂ ਬਾਹਰ ਕੱਢਿਆ ਅਤੇ ਸਥਾਨਕ ਸਿਵਲ ਹਸਪਤਾਲ ਪਹੁੰਚਾਇਆ। ਐਮਰਜੰਸੀ ਦੇ ਡਾਕਟਰਾਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਬਾਕੀ 3 ਕਾਰ ਸਵਾਰਾਂ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇ ਕੇ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਇਲਾਜ ਲਈ ਭੇਜ ਦਿੱਤਾ ਹੈ।