ਸੜਕ ਹਾਦਸਿਆਂ ’ਚ ਇਕ ਦੀ ਮੌਤ, ਜੋੜਾ ਜ਼ਖ਼ਮੀ
ਵੱਖ-ਵੱਖ ਸੜਕ ਹਾਦਸਿਆਂ ਵਿੱਚ ਇੱਕ ਦੀ ਮੌਤ, ਇੱਕ ਦੰਪਤੀ ਜ਼ਖ਼ਮੀ
Publish Date: Sun, 01 Feb 2026 06:18 PM (IST)
Updated Date: Sun, 01 Feb 2026 06:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਥਾਣਾ ਸਦਰ ਪਟਿਆਲਾ ਖੇਤਰ ਵਿਚ ਹੋਏ ਵੱਖ-ਵੱਖ ਸੜਕ ਹਾਦਸਿਆਂ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇਕ ਜੋੜਾ ਜ਼ਖ਼ਮੀ ਹੋ ਗਿਆ। ਭੁੰਨਰਹੇੜੀ ਸਥਿਤ ਅਨਾਜ ਮੰਡੀ ਇਲਾਕੇ ਵਿਚ ਤੇਜ਼ ਰਫ਼ਤਾਰ ਕਾਰ ਨੇ ਸਾਈਕਲ ਸਵਾਰ ਨੂੰ ਟੱਕਰ ਮਾਰੀ, ਜਿਸ ਕਾਰਨ ਸਾਈਕਲ ਸਵਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਵਾਸੀ ਦੇਵੀਗੜ੍ਹ ਅੱਡਾ ਵਜੋਂ ਹੋਈ ਹੈ। ਹਾਦਸਾ 29 ਜਨਵਰੀ ਨੂੰ ਸ਼ਾਮ ਸਾਢੇ ਛੇ ਵਜੇ ਦੇ ਕਰੀਬ ਉਸ ਵੇਲੇ ਵਾਪਰਿਆ, ਜਦੋਂ ਲਖਵਿੰਦਰ ਸਿੰਘ ਸਾਈਕਲ ’ਤੇ ਸਵਾਰ ਹੋ ਕੇ ਅਨਾਜ ਮੰਡੀ ਇਲਾਕੇ ’ਚੋਂ ਲੰਘ ਰਿਹਾ ਸੀ। ਹਾਦਸੇ ਤੋਂ ਬਾਅਦ ਦੋਸ਼ੀ ਕਾਰ ਚਾਲਕ ਗੱਡੀ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਕਰਕੇ ਕਾਰ ਦੀ ਪਛਾਣ ਨਹੀਂ ਹੋ ਸਕੀ। ਘਟਨਾ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੇ ਮਾਮੇ ਸਿਮਰਣਜੀਤ ਸਿੰਘ ਦੇ ਬਿਆਨਾਂ ’ਤੇ ਐਫ਼ਆਈਆਰ ਦਰਜ ਕਰਕੇ ਦੋਸ਼ੀ ਦੀ ਪਛਾਣ ਲਈ ਇਲਾਕੇ ਦੀ ਸੀਸੀਟੀਵੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਦੂਜਾ ਹਾਦਸਾ ਰਾਜਪੁਰਾ ਰੋਡ ’ਤੇ ਸੰਧੂ ਕਾਲਜ ਦੇ ਨੇੜੇ ਵਾਪਰਿਆ, ਜਿੱਥੇ ਤਨਵੀਰ ਸਿੰਘ ਵਾਸੀ ਮਹਿੰਦਰਗੰਜ (ਪੁਰਾਣਾ ਰਾਜਪੁਰਾ ਨੇੜੇ) ਅਤੇ ਉਸ ਦੀ ਪਤਨੀ ਅੰਬਿਕਾ ਜ਼ਖ਼ਮੀ ਹੋ ਗਏ। ਤਨਵੀਰ ਸਿੰਘ ਦੇ ਬਿਆਨਾਂ ’ਤੇ ਰਾਜਸਥਾਨ ਨੰਬਰ ਦੇ ਟਰੱਕ ਦੇ ਅਣਪਛਾਤੇ ਚਾਲਕ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਤਨਵੀਰ ਸਿੰਘ ਮੁਤਾਬਕ 21 ਜਨਵਰੀ ਨੂੰ ਸ਼ਾਮ ਸੱਤ ਵਜੇ ਦੇ ਕਰੀਬ ਉਹ ਆਪਣੀ ਪਤਨੀ ਨਾਲ ਕਾਰ ਵਿੱਚ ਸਵਾਰ ਹੋ ਕੇ ਸੰਧੂ ਕਾਲਜ ਨੇੜੇ ਤੋਂ ਲੰਘ ਰਿਹਾ ਸੀ, ਜਿੱਥੇ ਦੋਸ਼ੀ ਟਰੱਕ ਚਾਲਕ ਨੇ ਲਾਪਰਵਾਹੀ ਨਾਲ ਟਰੱਕ ਚਲਾਉਂਦੇ ਹੋਏ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰੀ। ਟੱਕਰ ਨਾਲ ਕਾਰ ਬੇਕਾਬੂ ਹੋ ਕੇ ਦੂਜੀ ਲੇਨ ਵਿੱਚ ਜਾ ਕੇ ਇੱਕ ਟਿੱਪਰ ਨਾਲ ਟਕਰਾ ਗਈ, ਜਿਸ ਕਾਰਨ ਤਨਵੀਰ ਅਤੇ ਉਸ ਦੀ ਪਤਨੀ ਜ਼ਖ਼ਮੀ ਹੋ ਗਏ।